ਮੁੱਲਾਂਪੁਰ ਗਰੀਬਦਾਸ, 7 ਅਪ੍ਰੈਲ (ਦਿਲਬਰ ਸਿੰਘ ਖੈਰਪੁਰ)-ਸਥਾਨਕ ਬੱਸ ਸਟੈਂਡ 'ਤੇ ਦਿਨ-ਦਿਹਾੜੇ ਇਕ ਨੌਜਵਾਨ ਨੇ ਰੰਜਿਸ਼ ਤਹਿਤ ਆਪਣੀ ਪਤਨੀ 'ਤੇ ਚਾਕੂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ | ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੀ ਪੁਲਿਸ ਪਾਰਟੀ ਨੇ ਜ਼ਖ਼ਮੀ ਨੂੰ ਚੰਡੀਗੜ੍ਹ ਦੇ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ, ਜਿੱਥੇ ਕਿ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ | ਘਟਨਾ ਤੋਂ ਬਾਅਦ ਮੌਕੇ 'ਤੇ ਇਕੱਤਰ ਹੋਏ ਲੋਕਾਂ ਨੇ ਹਮਲਾਵਰ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ | ਮੌਕੇ 'ਤੇ ਹਾਜ਼ਰ ਜਾਂਚ ਅਫ਼ਸਰ ਨੇ ਦੱਸਿਆ ਕਿ ਲੜਕੀ 'ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਦੇਖਣ ਅਤੇ ਪੁੱਛਗਿੱਛ ਤੋਂ ਬਾਅਦ ਬਾਕੀ ਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ | ਮਿਲੀ ਜਾਣਕਾਰੀ ਅਨੁਸਾਰ ਪਿ੍ਅੰਕਾ ਨਾਮਕ ਇਹ ਲੜਕੀ ਜੋ ਕਿ ਖੁੱਡਾ ਲਾਹੌਰਾਂ ਵਿਖੇ ਰਹਿ ਰਹੀ ਹੈ, ਦਾ ਆਪਣੇ ਪਤੀ ਨਾਲ ਕੋਰਟ ਕੇਸ ਚੱਲ ਰਿਹਾ ਹੈ | ਇਹ ਲੜਕੀ ਮੁੱਲਾਂਪੁਰ ਗਰੀਬਦਾਸ ਵਿਖੇ ਹੀ ਇਕ ਕੱਪੜੇ ਦੀ ਦੁਕਾਨ 'ਤੇ ਕੰਮ ਕਰਦੀ ਹੈ, ਜਦਕਿ ਉਸ ਦਾ ਪਤੀ ਹੀਰਾ ਲਾਲ ਮਨਸਾ ਦੇਵੀ ਮੰਦਰ (ਪੰਚਕੂਲਾ) ਨੇੜੇ ਰਹਿੰਦਾ ਹੈ | ਇਨ੍ਹਾਂ ਦੇ ਵਿਆਹ ਨੂੰ ਤਕਰੀਬਨ 9 ਸਾਲ ਹੋ ਚੁੱਕੇ ਹਨ | ਅਦਾਲਤ ਨੇ ਕਥਿਤ ਦੋਸ਼ੀ ਹੀਰਾ ਲਾਲ ਨੂੰ ਆਪਣੀ ਪਤਨੀ ਨੂੰ ਖ਼ਰਚਾ ਦੇਣ ਸੰਬੰਧੀ ਫ਼ੈਸਲਾ ਸੁਣਾਇਆ ਸੀ, ਜਿਸ ਤੋਂ ਬਾਅਦ ਤੈਸ਼ 'ਚ ਆ ਕੇ ਉਸ ਵਲੋਂ ਅੱਜ ਇਸ ਦਿਨ-ਦਿਹਾੜੇ ਆਪਣੀ ਪਤਨੀ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ | ਪੁਲਿਸ ਵਲੋਂ ਕਥਿਤ ਮੁਲਜ਼ਮ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ |