ਐੱਸ. ਏ. ਐੱਸ. ਨਗਰ, 7 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਤੇ 12ਵੀਂ ਸ਼੍ਰੇਣੀਆਂ ਦੀਆਂ ਮਾਰਚ-2025 ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਸੰਚਾਲਨ, ਪ੍ਰੀਖਿਆਵਾਂ ਦੀਆਂ ਉੱਤਰ-ਪੱਤਰੀਆਂ ਦੇ ਮੁਲਾਂਕਣ/ ਮਾਰਕਿੰਗ ਦੀ ਅਦਾਇਗੀ ਤੁਰੰਤ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਿੱਖਿਆ ਬੋਰਡ ਵਲੋਂ 1 ਸਾਲ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਪਿਛਲੇ ਸਾਲ ਮੁਲਾਂਕਣ ਕੀਤੀਆਂ ਉੱਤਰ-ਪੱਤਰੀਆਂ ਦੇ ਮਾਣ ਭੱਤੇ ਦੀ ਅਦਾਇਗੀ ਹੁਣ ਤੱਕ ਨਹੀਂ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਆਗੂਆਂ ਸੰਜੀਵ ਕੁਮਾਰ, ਰਣਬੀਰ ਸਿੰਘ ਸੋਹਲ, ਬਲਰਾਜ ਸਿੰਘ ਬਾਜਵਾ ਤੇ ਅਵਤਾਰ ਸਿੰਘ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਹਰ ਸਾਲ ਪ੍ਰੀਖਿਆਵਾਂ ਦਾ ਸੰਚਾਲਨ, ਪ੍ਰੀਖਿਆਵਾਂ ਦੀਆਂ ਉੱਤਰ-ਪੱਤਰੀਆਂ ਦੀ ਮਾਰਕਿੰਗ ਅਤੇ ਮਾਰਕਿੰਗ ਸੈਂਟਰਾਂ ਰਾਹੀਂ ਟੇਬਲ ਮਾਰਕਿੰਗ ਦੇ ਪੈਟਰਨ ਨਾਲ ਲੈਕਚਰਾਰਾਂ ਤੇ ਅਧਿਆਪਕਾਂ ਕੋਲੋਂ ਕਰਵਾਈ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਇਹ ਡਿਊਟੀਆਂ ਪ੍ਰੀਖਿਆ ਦੀ ਡੇਟਸ਼ੀਟ ਦੇ ਹਿਸਾਬ ਨਾਲ ਤਕਰੀਬਨ ਅੱਧੇ ਮਾਰਚ ਤੋਂ ਲੈ ਕੇ ਅਪ੍ਰੈਲ ਮਹੀਨੇ ਦੇ ਅੰਤ ਤੱਕ ਚੱਲਦਿਆਂ ਹਨ | ਉਨ੍ਹਾਂ ਦੱਸਿਆ ਕਿ ਬੋਰਡ ਇਸ ਡਿਊਟੀ ਦੇ ਬਦਲੇ ਪ੍ਰੀਖਿਆ ਸੰਚਾਲਨ ਕੇਂਦਰਾਂ ਵਿਚ ਸੁਪਰਡੈਂਟ ਨੂੰ 90 ਰੁ. ਪ੍ਰਤੀ ਦਿਨ ਮਾਣ ਭੱਤਾ ਦਿੱਤਾ ਜਾਂਦਾ ਹੈ, ਜਦਕਿ ਕੰਟਰੋਲਰ/ਡਿਪਟੀ ਸੁਪਰਡੈਂਟ ਤੇ ਨਿਗਰਾਨ ਅਮਲੇ ਨੂੰ ਕੋਈ ਮਾਣ ਭੱਤਾ ਨਹੀਂ ਦਿੱਤਾ ਜਾਂਦਾ | ਇਸੇ ਤਰ੍ਹਾਂ ਅਬਜ਼ਰਵਰ ਨੂੰ ਵੀ ਕੋਈ ਮਾਣ ਭੱਤਾ ਨਹੀਂ ਦਿੱਤਾ ਜਾਂਦਾ, ਜਦਕਿ ਮਾਰਕਿੰਗ ਕੇਂਦਰ ਕੋਆਰਡੀਨੇਟਰ ਨੂੰ 3300 ਰੁ. ਉੱਕਾ-ਪੁੱਕਾ, ਉਪ-ਕੋਆਰਡੀਨੇਟਰ ਨੂੰ 2200 ਰੁ. ਉੱਕਾ-ਪੁੱਕਾ, ਪੂਰੇ ਸੈਂਟਰ ਲਈ 1 ਕਲਰਕ ਨੂੰ 1100 ਰੁ. ਉੱਕਾ-ਪੁੱਕਾ, 1 ਸੇਵਾਦਾਰ ਨੂੰ 550 ਰੁ. ਉੱਕਾ-ਪੁੱਕਾ, 1 ਚੌਕੀਦਾਰ ਨੂੰ 550 ਰੁ. ਉੱਕਾ-ਪੁੱਕਾ, ਮੁੱਖ ਪ੍ਰੀਖਿਅਕ ਤੇ ਉਪ-ਪ੍ਰੀਖਿਅਕ ਨੂੰ 10 ਰੁ. ਪ੍ਰਤੀ ਉੱਤਰ-ਪੱਤਰੀ, ਪੜਤਾਲ ਸਹਾਇਕ ਨੂੰ 1 ਰੁ. ਪ੍ਰਤੀ ਉੱਤਰ-ਪੱਤਰੀ ਦਿੱਤੇ ਜਾਦੇ ਹਨ ਅਤੇ ਇਸ ਦੇ ਨਾਲ ਹੀ 15 ਰੁ. ਪ੍ਰਤੀ ਦਿਨ ਰਿਫਰੈਸ਼ਮੈਂਟ ਦੇ ਦਿੱਤੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਸਾਲ 2021 ਤੋਂ ਪਹਿਲਾਂ ਮਾਰਕਿੰਗ ਦੇ ਮਾਣ ਭੱਤੇ ਦੀ ਰਾਸ਼ੀ ਮਾਰਕਿੰਗ ਸੈਂਟਰ ਤੇ ਪੇਪਰਾਂ ਦੇ ਵਿਚਕਾਰ ਹੀ ਨਾਲ ਦੀ ਨਾਲ ਪਹੁੰਚ ਜਾਂਦੀ ਸੀ ਅਤੇ ਮਾਰਕਿੰਗ ਸੈਂਟਰ ਦੇ ਇੰਚਾਰਜ ਮਾਰਕਿੰਗ ਤੋਂ ਤੁਰੰਤ ਬਾਅਦ ਮਾਣ ਭੱਤਾ ਅਦਾ ਕਰ ਦਿੰਦੇ ਸਨ, ਪਰ ਉਸ ਤੋਂ ਬਾਅਦ ਇਹ ਪ੍ਰੰਪਰਾ ਤੋੜ ਦਿੱਤੀ ਗਈ | ਆਗੂਆਂ ਨੇ ਸਿੱਖਿਆ ਬੋਰਡ ਤੋਂ ਮਾਰਚ 2025 ਦੀਆਂ ਪ੍ਰੀਖਿਆਵਾਂ ਦੇ ਸੰਚਾਲਨ ਦੌਰਾਨ ਸਹਿਯੋਗ ਦੇਣ ਵਾਲੇ ਕੇਂਦਰ ਸੁਪਰਡੈਂਟਾਂ ਨੂੰ ਮਾਣ ਭੱਤਾ ਅਦਾ ਕਰਨ, ਜਦਕਿ ਕੇਂਦਰ ਕੰਟਰੋਲਰ /ਅਬਜ਼ਰਵਰ/ਡਿਪਟੀ ਸੁਪਰਡੈਂਟ ਤੇ ਨਿਗਰਾਨ ਅਮਲੇ ਦਾ ਵੀ ਮਾਣ ਭੱਤਾ ਨਿਰਧਾਰਤ ਕਰਨ ਦੀ ਮੰਗ ਕੀਤੀ ਹੈ |