22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਨਿਗਮ ਹਾਊਸ ਮੀਟਿੰਗ 'ਚ ਫਾਇਰ ਸੇਫਟੀ ਤੇ ਸੈਕਟਰ 45 'ਚ ਹਾਊਸਿੰਗ ਬੋਰਡ ਦੀ ਕਾਰਵਾਈ ਦਾ ਮੁੱਦਾ ਰਿਹਾ ਭਾਰੂ <br/>

Ad Position 21
No active advertisement
ਅਜੀਤ ਡੈਸਕ 09-04-2026
ਚੰਡੀਗੜ੍ਹ, 8 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਨਗਰ ਨਿਗਮ ਸਦਨ ਦੀ 360ਵੀਂ ਮੀਟਿੰਗ ਅੱਜ ਕਈ ਅਹਿਮ ਮਸਲਿਆਂ ਕਾਰਨ ਚਰਚਾ ਦਾ ਕੇਂਦਰ ਬਣੀ ਰਹੀ | ਫਾਇਰ ਸੇਫਟੀ 'ਤੇ ਸਖ਼ਤ ਰੁਖ ਅਪਣਾਉਂਦੇ ਹੋਏ ਮੇਅਰ ਵਲੋਂ ਨਿਗਮ ਅਧਿਕਾਰੀਆਂ ਨੂੰ ਸ਼ਹਿਰ ਭਰ ਦੇ ਸਕੂਲਾਂ 'ਚ ਫਾਇਰ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰਿਪੋਰਟ ਤਲਬ ਕੀਤੀ ਗਈ ਅਤੇ ਸਕੂਲਾਂ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਗਏ | ਇਸੇ ਦੌਰਾਨ ਵੈਂਡਰ ਨੀਤੀ, ਲਾਲ ਡੋਰਾ, ਪਾਰਕਿੰਗ ਪ੍ਰਬੰਧ ਅਤੇ ਸੈਕਟਰ-45 ਵਿਚ ਘਰਾਂ ਦੀ ਤੋੜਭੰਨ ਵਿਰੁੱਧ ਸਮੂਹ ਕੌਂਸਲਰਾਂ ਦੀ ਇਕਜੁੱਟਤਾ ਨੇ ਸਿਆਸੀ ਮਾਹੌਲ ਨੂੰ ਹੋਰ ਵੀ ਗਰਮਾ ਦਿੱਤਾ | ਮੀਟਿੰਗ ਵਿਚਕਾਰ ਛੱਡ ਕੇ ਮੌਕੇ 'ਤੇ ਪਹੁੰਚੇ ਮੇਅਰ ਅਤੇ ਕੌਂਸਲਰਾਂ ਨੇ ਲੋਕਾਂ ਦੇ ਹੱਕ 'ਚ ਖੜਨ ਦਾ ਸੰਦੇਸ਼ ਦਿੱਤਾ, ਜਿਸ ਨਾਲ ਪੂਰੇ ਸ਼ਹਿਰ ਵਿਚ ਇਸ ਘਟਨਾ ਦੀ ਚਰਚਾ ਤੇਜ਼ ਹੋ ਗਈ | ਨਗਰ ਨਿਗਮ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਉਨ੍ਹਾਂ ਦੇ ਵਾਰਡ ਅਧੀਨ ਆਉਂਦੇ ਸੈਕਟਰ 45 ਵਿਚ ਚੰਡੀਗੜ੍ਹ ਹਾਊਸਿੰਗ ਬੋਰਡ ਵਲੋਂ ਘਰਾਂ ਦੀ ਤੋੜ ਭੰਨ ਦੀ ਕੀਤੀ ਜਾ ਰਹੀ ਕਾਰਵਾਈ ਦਾ ਮੁੱਦਾ ਚੁੱਕਿਆ ਅਤੇ ਮੇਅਰ ਸਮੇਤ ਸਮੂਹ ਕੌਂਸਲਰਾਂ ਤੋਂ ਇਸ ਕਾਰਵਾਈ ਨੂੰ ਰੋਕਣ ਲਈ ਮੌਕੇ 'ਤੇ ਜਾ ਕੇ ਵਿਰੋਧ ਜਤਾਉਣ ਦੀ ਮੰਗ ਕੀਤੀ | ਮੇਅਰ ਵਲੋਂ ਭਰੋਸਾ ਦਵਾਇਆ ਗਿਆ ਕਿ ਇਸ ਮਾਮਲੇ ਵਿਚ ਸਮੂਹ ਕੌਂਸਲਰ ਉਨ੍ਹਾਂ ਦੇ ਨਾਲ ਖੜ੍ਹੇ ਹਨ ਅਤੇ ਅਹਿਮ ਮੁੱਦਿਆਂ ਤੇ ਚਰਚਾ ਕਰਨ ਉਪਰੰਤ ਸਾਰੇ ਕੌਂਸਲਰ ਉਨ੍ਹਾਂ ਦੇ ਨਾਲ ਜਾ ਕੇ ਇਸ ਦਾ ਵਿਰੋਧ ਕਰਨਗੇ, ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਅੱਗੇ ਵਧਾਈ ਗਈ | ਸਦਨ ਦੀ ਕਾਰਵਾਈ ਦੌਰਾਨ ਫਾਇਰ ਸੇਫਟੀ ਦਾ ਮਸਲਾ ਜ਼ੋਰਦਾਰ ਢੰਗ ਨਾਲ ਉੱਠਿਆ | ਕੌਂਸਲਰ ਰਾਮ ਚੰਦਰ ਯਾਦਵ ਵਲੋਂ ਪੁੱਛੇ ਗਏ ਲਿਖਤੀ ਪ੍ਰਸ਼ਨ ਦੇ ਜਵਾਬ 'ਚ ਮੇਅਰ ਸੌਰਭ ਜੋਸ਼ੀ ਨੇ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸ਼ਹਿਰ ਦੇ ਹਰ ਸੈਕਟਰ ਤੋਂ ਫਾਇਰ ਸੇਫਟੀ ਦੀ ਵਿਸਥਾਰਪੂਰਵਕ ਰਿਪੋਰਟ ਤੁਰੰਤ ਤਲਬ ਕੀਤੀ ਜਾਵੇ | ਉਨ੍ਹਾਂ ਸੰਯੁਕਤ ਕਮਿਸ਼ਨਰ ਡਾ. ਇੰਦਰਜੀਤ ਸਿੰਘ ਨੂੰ ਇਹ ਜ਼ਿੰਮੇਵਾਰੀ ਸੌਂਪਦਿਆਂ ਕਿਹਾ ਕਿ ਚੀਫ ਫਾਇਰ ਅਫਸਰ ਰਾਹੀਂ ਪੂਰਾ ਡਾਟਾ ਇਕੱਠਾ ਕੀਤਾ ਜਾਵੇ | ਇਸੇ ਮੁੱਦੇ ਨੂੰ ਲੈ ਕੇ ਚੀਫ ਇੰਜੀਨੀਅਰ ਸੰਜੇ ਅਰੋੜਾ ਨੇ ਸਦਨ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਕਟਰ-17 ਅਤੇ ਸੈਕਟਰ-22 'ਚ ਫਾਇਰ ਸੇਫਟੀ ਨੂੰ ਮਜ਼ਬੂਤ ਕਰਨ ਲਈ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ 'ਤੇ ਸਹਿਮਤੀ ਬਣ ਚੁੱਕੀ ਹੈ | ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਨਤੀਜਿਆਂ ਦੇ ਆਧਾਰ 'ਤੇ ਪੂਰੇ ਸ਼ਹਿਰ ਵਿਚ ਇਸ ਨੂੰ ਲਾਗੂ ਕੀਤਾ ਜਾਵੇਗਾ | ਇਸ ਦੌਰਾਨ ਕੌਂਸਲਰ ਰਾਮ ਚੰਦਰ ਯਾਦਵ ਨੇ ਗੰਭੀਰ ਸਵਾਲ ਉਠਾਉਂਦਿਆਂ ਕਿਹਾ ਕਿ ਜਿੱਥੇ ਨਿਗਮ ਵਲੋਂ ਹੋਰ ਸੰਸਥਾਵਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ, ਉੱਥੇ ਖੁਦ ਨਿਗਮ ਕੋਲ ਹੀ ਫਾਇਰ ਐਨ.ਓ.ਸੀ ਨਹੀਂ ਹੈ | ਇਸ ਮਾਮਲੇ 'ਤੇ ਉਨ੍ਹਾਂ ਦੀ ਕਮਿਸ਼ਨਰ ਅਮਿਤ ਕੁਮਾਰ ਨਾਲ ਤਿੱਖੀ ਬਹਿਸ ਵੀ ਹੋਈ, ਜਿੱਥੇ ਕਮਿਸ਼ਨਰ ਨੇ ਕਿਹਾ ਕਿ ਇਸ ਪ੍ਰਕਿਰਿਆ 'ਤੇ ਕੰਮ ਜਾਰੀ ਹੈ |
ਪਿੰਡਾਂ ਨਾਲ ਜੁੜੇ ਮਸਲੇ ਵੀ ਰਹੇ ਚਰਚਾ 'ਚ
ਨਾਮਜ਼ਦ ਕੌਂਸਲਰ ਸਤਿੰਦਰ ਸਿੰਘ ਸਿੱਧੂ ਵਲੋਂ ਚੰਡੀਗੜ੍ਹ ਦੇ ਪਿੰਡਾਂ ਵਿਚ ਲਾਲ ਡੋਰਾ ਤੋਂ ਬਾਹਰ ਪਾਣੀ ਦੇ ਕਨੈਕਸ਼ਨ ਅਤੇ ਲੈਂਡ ਪੂਲਿੰਗ ਨੀਤੀ ਸਬੰਧੀ ਮੁੱਦੇ ਉਠਾਏ ਗਏ | ਮੇਅਰ ਸੌਰਭ ਜੋਸ਼ੀ ਨੇ ਇਸ ਗੱਲ 'ਤੇ ਭਰੋਸਾ ਦਿਵਾਇਆ ਕਿ ਕੌਂਸਲਰਾਂ ਅਤੇ ਪਿੰਡਾਂ ਦੇ ਨੁਮਾਇੰਦਿਆਂ ਦਾ ਇੱਕ ਸਾਂਝਾ ਵਫ਼ਦ ਰਾਜਪਾਲ ਨਾਲ ਮੁਲਾਕਾਤ ਕਰੇਗਾ ਅਤੇ ਇਹ ਮਸਲੇ ਰਾਜਪਾਲ ਮੁਹਰੇ ਪਹਿਲ ਦੇ ਆਧਾਰ 'ਤੇ ਰੱਖੇ ਜਾਣਗੇ |
ਪਾਰਕਿੰਗ ਪ੍ਰਣਾਲੀ ਨੂੰ ਸੁਧਾਰਨ ਲਈ ਵੀ ਲਏ ਗਏ ਵੱਡੇ ਫੈਸਲੇ
ਪਾਰਕਿੰਗ ਵਿਵਸਥਾ ਨੂੰ ਲੈ ਕੇ ਚੀਫ ਇੰਜੀਨੀਅਰ ਸੰਜੇ ਅਰੋੜਾ ਨੇ ਦੱਸਿਆ ਕਿ ਪੂਰੇ ਸ਼ਹਿਰ 'ਚ ਪਾਰਕਿੰਗ ਸਹੂਲਤਾਂ ਦਾ ਵਿਸਥਾਰਪੂਰਵਕ ਸਰਵੇ ਕਰਵਾਇਆ ਜਾਵੇਗਾ | ਜਿੱਥੇ ਜ਼ਰੂਰਤ ਹੋਵੇਗੀ, ਉੱਥੇ ਨਵੀਆਂ ਅੰਡਰਗ੍ਰਾਊਾਡ ਪਾਰਕਿੰਗਾਂ ਬਣਾਉਣ 'ਤੇ ਵੀ ਵਿਚਾਰ ਕੀਤਾ ਜਾਵੇਗਾ | ਮੇਅਰ ਸੌਰਭ ਜੋਸ਼ੀ ਨੇ ਹਦਾਇਤ ਦਿੱਤੀ ਕਿ ਪਾਰਕਿੰਗ ਸਥਾਨਾਂ 'ਤੇ ਕਰਮਚਾਰੀਆਂ ਦੀ ਗਿਣਤੀ ਵਧਾਈ ਜਾਵੇ ਅਤੇ ਕਿਸੇ ਵੀ ਕਰਮਚਾਰੀ ਤੋਂ 8 ਘੰਟਿਆਂ ਤੋਂ ਵੱਧ ਡਿਊਟੀ ਨਾ ਲਵਾਈ ਜਾਵੇ | ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਸਦਨ ਨੂੰ ਜਾਣਕਾਰੀ ਦਿੱਤੀ ਕਿ ਐਮ.ਸੀ ਵਨ ਪਾਸ ਯੋਜਨਾ ਹੌਲੀ-ਹੌਲੀ ਅੱਗੇ ਵਧ ਰਹੀ ਹੈ ਅਤੇ ਇਸ ਨੂੰ ਅਗਲੇ ਪੜਾਅ ਵਿਚ ਹੋਰ ਖੇਤਰਾਂ ਵਿਚ ਲਾਗੂ ਕੀਤਾ ਜਾਵੇਗਾ |
ਜੋ ਵੇਂਡਰ ਜਿੱਥੇ ਬੈਠਾ ਹੈ, ਉਸ ਨੂੰ ਉੱਥੇ ਹੀ ਬੈਠਣ ਦਿੱਤਾ ਜਾਵੇ - ਕੌਂਸਲਰ ਕੰਵਰ ਰਾਣਾ
ਨਿਗਮ ਮੀਟਿੰਗ ਦੌਰਾਨ ਵੈਂਡਰਾਂ ਦਾ ਮਸਲਾ ਵੀ ਸਦਨ 'ਚ ਗਰਮਾਇਆ ਰਿਹਾ | ਕੌਂਸਲਰ ਜਸਬੀਰ ਬੰਟੀ ਵਲੋਂ ਪੁੱਛੇ ਗਏ ਸਵਾਲ ਦੇ ਜਵਾਬ 'ਚ ਨਿਗਮ ਅਧਿਕਾਰੀਆਂ ਨੇ ਕਿਹਾ ਕਿ ਵੈਂਡਰਾਂ ਖ਼ਿਲਾਫ਼ ਕਾਰਵਾਈ ਹਾਈਕੋਰਟ ਦੇ ਹੁਕਮਾਂ ਦੇ ਅਨੁਸਾਰ ਕੀਤੀ ਜਾ ਰਹੀ ਹੈ | ਇਸ ਦੌਰਾਨ ਕੌਂਸਲਰ ਕੰਵਰ ਰਾਣਾ ਨੇ ਚੋਣੀ ਸਾਲ ਦਾ ਜ਼ਿਕਰ ਕਰਦਿਆਂ ਨਰਮ ਰਵੱਈਏ ਦੀ ਮੰਗ ਕੀਤੀ ਅਤੇ ਕਿਹਾ ਕਿ Tਜੋ ਜਿੱਥੇ ਬੈਠਾ ਹੈ, ਉਸਨੂੰ ਉੱਥੇ ਹੀ ਬੈਠਣ ਦਿੱਤਾ ਜਾਵੇ |
2 ਘੰਟੇ ਮੁਲਤਵੀ ਰਹੀ ਸਦਨ ਦੀ ਕਾਰਵਾਈ
ਇਸ ਦੌਰਾਨ ਸਭ ਤੋਂ ਵੱਡੀ ਘਟਨਾ ਉਸ ਵੇਲੇ ਵਾਪਰੀ ਜਦੋਂ ਮੇਅਰ ਸੌਰਭ ਜੋਸ਼ੀ ਸਮੇਤ ਸਾਰੇ ਕੌਂਸਲਰ ਮੀਟਿੰਗ ਵਿਚਕਾਰ ਛੱਡ ਕੇ ਸੈਕਟਰ-45 ਪਹੁੰਚ ਗਏ | ਉੱਥੇ ਚੰਡੀਗੜ੍ਹ ਹਾਊਸਿੰਗ ਬੋਰਡ ਵਲੋਂ ਚੱਲ ਰਹੀ ਤੋੜਫੋੜ ਕਾਰਵਾਈ ਦਾ ਤਿੱਖਾ ਵਿਰੋਧ ਕੀਤਾ ਗਿਆ | ਇਸ ਕਾਰਨ ਸਦਨ ਦੀ ਮੀਟਿੰਗ ਕਰੀਬ ਦੋ ਘੰਟਿਆਂ ਲਈ ਮੁਲਤਵੀ ਕਰਨੀ ਪਈ |
ਨਿਗਮ ਅਧਿਕਾਰੀਆਂ 'ਤੇ ਸ਼ਹਿਰ ਦੀ ਸਫ਼ਾਈ ਦਾ ਠੇਕਾ ਇੱਕੋ ਕੰਪਨੀ ਨੂੰ ਦੇਣ ਦੀ ਕੋਸ਼ਿਸ਼ ਦੇ ਇਲਜ਼ਾਮ
ਨਗਰ ਨਿਗਮ ਦੀ ਹਾਊਸ ਮੀਟਿੰਗ ਦੌਰਾਨ ਭਾਜਪਾ ਕੌਂਸਲਰ ਗੁਰਬਖਸ਼ ਰਾਵਤ ਨੇ ਨਿਗਮ ਅਧਿਕਾਰੀਆਂ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸ਼ਹਿਰ ਦੀ ਸਫ਼ਾਈ ਦਾ ਠੇਕਾ ਇੱਕੋ ਕੰਪਨੀ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਸਦਨ ਵਿੱਚ ਮਾਮਲਾ ਉਠਾਉਂਦੇ ਹੋਏ ਰਾਵਤ ਨੇ ਕਿਹਾ ਕਿ ਜੇਕਰ ਸਫ਼ਾਈ ਵਰਗਾ ਮਹੱਤਵਪੂਰਨ ਕੰਮ ਇਕ ਹੀ ਕੰਪਨੀ ਨੂੰ ਸੌਂਪਿਆ ਗਿਆ ਤਾਂ ਇਸ ਨਾਲ ਪਾਰਦਰਸ਼ਤਾ 'ਤੇ ਸਵਾਲ ਖੜ੍ਹੇ ਹੋਣਗੇ ਅਤੇ ਮੁਕਾਬਲੇ ਦੀ ਪ੍ਰਕਿਰਿਆ ਪ੍ਰਭਾਵਿਤ ਹੋਵੇਗੀ | ਉਨ੍ਹਾਂ ਦੋਸ਼ ਲਗਾਇਆ ਕਿ ਇਸ ਤਰ੍ਹਾਂ ਦੇ ਫ਼ੈਸਲੇ ਨਾਲ ਨਿਗਮ ਨੂੰ ਵਿੱਤੀ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਕਲਾ ਮੰਚ ਦੀ ਚੋਣ ਬੰਬਰ ਲਗਾਤਾਰ 24ਵੀਂ ਵਾਰ ਬਣੇ ਪ੍ਰਧਾਨ <br/> ਅਗਲੀ ਖ਼ਬਰ ਭੀਮ ਐਪ ਦੀ 'ਮਾਹੀ ਵੇ' ਮੁਹਿੰਮ: ਸੁਰੱਖਿਅਤ ਤੇ ਸੌਖਾ ਡਿਜ਼ੀਟਲ ਭੁਗਤਾਨ ਹੁਣ ਹੋਵੇਗਾ ਆਸਾਨ <br/>
Ad Position 24