ਚੰਡੀਗੜ੍ਹ, 12 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) ਮਲੋਆ ਥਾਣਾ ਪੁਲਿਸ ਨੇ ਨਾਕਾਬੰਦੀ ਦੌਰਾਨ ਸ਼ੱਕੀ ਹਾਲਾਤ 'ਚ ਇਕ ਲਗਜ਼ਰੀ ਕਾਰ ਨੂੰ ਰੋਕ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ | ਤਲਾਸ਼ੀ ਦੌਰਾਨ ਕਾਰ ਵਿਚੋਂ ਲੋਡਡ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਹੋਏ, ਜਿਸ ਤੋਂ ਬਾਅਦ ਕਾਰ ਚਾਲਕ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ | ਪੁਲਿਸ ਤੋਂ ਹਾਸਿਲ ਜਾਣਕਾਰੀ ਅਨੁਸਾਰ 11 ਅਪ੍ਰੈਲ ਦੀ ਸ਼ਾਮ ਕਰੀਬ 8:46 ਵਜੇ ਝਾਮਪੁਰ ਬੈਰੀਅਰ 'ਤੇ ਨਾਕਾਬੰਦੀ ਦੌਰਾਨ ਹੈੱਡ ਕਾਂਸਟੇਬਲ ਅਜੇ ਕੁਮਾਰ ਆਪਣੀ ਟੀਮ ਸਮੇਤ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ | ਇਸ ਦੌਰਾਨ ਪੀਬੀ 08 ਐਫ.ਐਫ 9492 ਨੰਬਰ ਦੀ ਮਹਿੰਦਰਾ ਐਕਸਯੂਵੀ 700 ਗੱਡੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਚੈੱਕ ਕੀਤਾ ਗਿਆ | ਤਲਾਸ਼ੀ ਦੌਰਾਨ ਗੱਡੀ ਚਲਾ ਰਹੇ ਵਿਅਕਤੀ ਪਾਸੋਂ ਇਕ 0.32 ਬੋਰ ਦਾ ਲੋਡਡ ਦੇਸੀ ਪਿਸਤੌਲ ਅਤੇ 4 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ | ਇਸ ਸਬੰਧੀ ਤੁਰੰਤ ਏ.ਐਸ.ਆਈ ਉਮੇਦ ਸਿੰਘ ਮੌਕੇ 'ਤੇ ਪਹੁੰਚੇ ਅਤੇ ਸਾਰੇ ਤੱਥਾਂ ਦੀ ਜਾਂਚ ਕੀਤੀ | ਗਿ੍ਫ਼ਤਾਰ ਵਿਅਕਤੀ ਦੀ ਪਹਿਚਾਣ ਨਵੀਨ ਉਰਫ਼ ਵਿਸ਼ਾਲ ਪੁੱਤਰ ਪ੍ਰੇਮ ਸੈਣੀ (33 ਸਾਲ) ਵਾਸੀ ਜਲੰਧਰ ਵਜੋਂ ਹੋਈ ਹੈ | ਪੁਲਿਸ ਮੁਤਾਬਕ ਮੁਲਜ਼ਮ ਕੋਲੋਂ ਬਰਾਮਦ ਹਥਿਆਰ ਲਈ ਕੋਈ ਵੀ ਵੈਧ ਲਾਇਸੈਂਸ ਜਾਂ ਪਰਮਿਟ ਨਹੀਂ ਮਿਲਿਆ | ਪੁਲਿਸ ਨੇ ਬਰਾਮਦ ਕੀਤੇ ਗਏ ਪਿਸਤੌਲ ਅਤੇ ਕਾਰਤੂਸ ਕਬਜ਼ੇ 'ਚ ਲੈ ਕੇ ਐਫ਼.ਆਈ.ਆਰ. ਦਰਜ ਕਰ ਲਈ ਹੈ | ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |