ਐੱਸ. ਏ. ਐੱਸ. ਨਗਰ, 12 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਭਾਜਪਾ ਵਲੋਂ ਪਾਸ ਕੀਤੇ 33 ਫ਼ੀਸਦੀ ਮਹਿਲਾ ਰਿਜ਼ਰਵੇਸ਼ਨ ਬਿੱਲ ਨੂੰ ਲੈ ਕੇ ਹੁਣ ਇਸ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ ਅਤੇ ਪਾਰਟੀ ਵਲੋਂ 2029 ਦੀਆਂ ਲੋਕ ਸਭਾ ਚੋਣਾਂ ਤੱਕ ਤੱਕ ਇਸ ਬਿੱਲ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰ ਦਿੱਤਾ ਜਾਵੇਗਾ, ਜਿਸ ਨਾਲ ਮਹਿਲਾਵਾਂ ਨੂੰ ਰਾਜਨੀਤੀ ਵਿਚ ਆਪਣਾ ਹੱਕ ਮਿਲੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਕਰਦਿਆਂ ਅੱਜ ਮੁਹਾਲੀ ਵਿਖੇ ਭਾਜਪਾ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਤੇ ਸੂਬਾ ਸਕੱਤਰ ਜੈਸਮੀਨ ਸੰਧਾਵਾਲੀਆ ਨੇ ਕਿਹਾ ਕਿ ਇਹ ਭਾਜਪਾ ਦੀ ਇਤਿਹਾਸਕ ਉਪਲਬਧੀ ਹੈ, ਜੋ ਮਹਿਲਾ ਸਸ਼ਕਤੀਕਰਨ ਵੱਲ ਇਕ ਵੱਡਾ ਕਦਮ ਸਾਬਿਤ ਹੋਵੇਗੀ | ਉਨ੍ਹਾਂ ਕਿਹਾ ਕਿ ਮਹਿਲਾ ਰਿਜ਼ਰਵੇਸ਼ਨ ਲਈ 1989 ਵਿਚ ਰਾਜੀਵ ਗਾਂਧੀ ਵਲੋਂ ਪਹਿਲ ਕੀਤੀ ਗਈ ਸੀ, ਪਰ ਇਸ ਤੋਂ ਬਾਅਦ ਕਾਂਗਰਸ ਨੇ ਇਸ ਮਾਮਲੇ ਨੂੰ ਵਾਰ-ਵਾਰ ਟਾਲ ਕੇ ਮਹਿਲਾਵਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕੀਤਾ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਸਰਕਾਰ ਮਹਿਲਾਵਾਂ ਦੇ ਹੱਕਾਂ ਲਈ ਵਚਨਬੱਧ ਹੈ ਅਤੇ ਇਸੇ ਕਰਕੇ ਇਹ ਮਹੱਤਵਪੂਰਨ ਬਿੱਲ ਪਾਸ ਕੀਤਾ ਗਿਆ | ਭਾਜਪਾ ਜ਼ਿਲ੍ਹਾ ਪ੍ਰਧਾਨ ਵਸ਼ਿਸ਼ਟ ਨੇ ਕਿਹਾ ਕਿ 33 ਫ਼ੀਸਦੀ ਮਹਿਲਾ ਰਿਜ਼ਰਵੇਸ਼ਨ ਬਿੱਲ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਪਾਰਟੀ ਦਾ ਮੁੱਖ ਮਕਸਦ ਹੈ | ਉਨ੍ਹਾਂ ਕਿਹਾ ਕਿ ਇਹ ਕਦਮ ਮਹਿਲਾਵਾਂ ਨੂੰ ਸਮਾਜਿਕ ਅਤੇ ਰਾਜਨੀਤਿਕ ਤੌਰ 'ਤੇ ਮਜ਼ਬੂਤ ਬਣਾਏਗਾ ਅਤੇ ਉਨ੍ਹਾਂ ਨੂੰ ਸਮਾਜ ਵਿਚ ਆਪਣੀ ਵੱਖਰੀ ਪਛਾਣ ਬਣਾਉਣ ਦਾ ਮੌਕਾ ਦੇਵੇਗਾ | ਇਸ ਮੌਕੇ ਭਾਜਪਾ ਦੇ ਸੂਬਾ ਖ਼ਜ਼ਾਨਚੀ ਸੁਖਵਿੰਦਰ ਸਿੰਘ ਗੋਲਡੀ ਅਤੇ ਮੁਹਾਲੀ ਮੀਡੀਆ ਇੰਚਾਰਜ ਚੰਦਰ ਸ਼ੇਖਰ ਮੌਜੂਦ ਸਨ |