ਪੰਚਕੂਲਾ, 13 ਅਪ੍ਰੈਲ (ਕਪਿਲ)-ਹਰਿਆਣਾ 'ਚ ਮਿਊਾਸੀਪਲ ਅਤੇ ਪੰਚਾਇਤੀ ਉਪ-ਚੋਣਾਂ ਦਾ ਐਲਾਨ ਕਰਦਿਆਂ ਰਾਜ ਚੋਣ ਕਮਿਸ਼ਨਰ ਦਵਿੰਦਰ ਸਿੰਘ ਕਲਿਆਣ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਚੋਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਸੂਬਾ ਵਾਸੀਆਂ ਨੂੰ ਡਾ. ਭੀਮ ਰਾਓ ਅੰਬੇਦਕਰ ਦੀ ਜੈਅੰਤੀ ਅਤੇ ਵਿਸਾਖੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਮਿਊਾਸੀਪਲ ਚੋਣਾਂ ਲਈ ਨਾਮਜ਼ਦਗੀਆਂ 21 ਤੋਂ 25 ਅਪ੍ਰੈਲ ਤੱਕ ਭਰੀਆਂ ਜਾਣਗੀਆਂ, ਜਿਨ੍ਹਾਂ ਦੀ ਜਾਂਚ 27 ਅਪ੍ਰੈਲ ਨੂੰ ਹੋਵੇਗੀ ਅਤੇ 28 ਅਪ੍ਰੈਲ ਨੂੰ ਨਾਂਅ ਵਾਪਸ ਲਏ ਜਾ ਸਕਣਗੇ ਅਤੇ ਇਸੇ ਦਿਨ ਚੋਣ ਨਿਸ਼ਾਨ ਅਲਾਟ ਕਰਨ ਤੋਂ ਬਾਅਦ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਵੋਟਿੰਗ 10 ਮਈ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹੋਵੇਗੀ, ਜਦਕਿ ਲੋੜ ਪੈਣ 'ਤੇ 12 ਮਈ ਨੂੰ ਦੁਬਾਰਾ ਵੋਟਿੰਗ ਕਰਵਾਈ ਜਾਵੇਗੀ ਅਤੇ 13 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ | ਉਨ੍ਹਾਂ ਦੱਸਿਆ ਕਿ ਨਗਰ ਨਿਗਮ ਪੱਧਰ 'ਤੇ ਪੰਚਕੂਲਾ, ਅੰਬਾਲਾ ਅਤੇ ਸੋਨੀਪਤ 'ਚ ਮੇਅਰ ਅਤੇ ਸਾਰੇ ਵਾਰਡਾਂ ਲਈ ਚੋਣਾਂ ਹੋਣਗੀਆਂ, ਜਦਕਿ ਰੋਹਤਕ, ਧਾਰੂਹੇੜਾ (ਰੇਵਾੜੀ) ਅਤੇ ਉਕਲਾਨਾ (ਹਿਸਾਰ) 'ਚ ਨਗਰ ਕੌਂਸਲ ਲਈ ਚੋਣਾਂ ਹੋਣਗੀਆਂ | ਇਸੇ ਤਰ੍ਹਾਂ ਟੋਹਾਣਾ, ਝੱਜਰ, ਰਾਜੌਂਦ, ਤਰਾਵੜੀ, ਸਢੌਰਾ ਅਤੇ ਕਨੀਨਾ ਦੇ ਚੁਣੇ ਹੋਏ ਵਾਰਡਾਂ 'ਚ ਵੀ ਵੋਟਿੰਗ ਹੋਵੇਗੀ | ਇਸ ਦੇ ਨਾਲ ਹੀ ਰਾਜ 'ਚ ਪੰਚਾਇਤੀ ਰਾਜ ਸੰਸਥਾਵਾਂ ਦੇ 528 ਅਹੁਦਿਆਂ ਜਿਨ੍ਹਾਂ 'ਚ 485 ਪੰਚ, 29 ਸਰਪੰਚ, 12 ਪੰਚਾਇਤ ਸੰਮਤੀ ਮੈਂਬਰ ਅਤੇ 2 ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ਾਮਿਲ ਹਨ, ਲਈ ਵੀ ਉਪ-ਚੋਣਾਂ ਕਰਵਾਈਆਂ ਜਾਣਗੀਆਂ |