ਐੱਸ. ਏ. ਐੱਸ. ਨਗਰ, 13 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਜ਼ਿਲ੍ਹਾ ਮੁਹਾਲੀ ਦੀਆਂ ਮੰਡੀਆਂ 'ਚ ਕਣਕ ਦੀ ਸਰਕਾਰੀ ਖ਼ਰੀਦ ਦੀ ਪ੍ਰਕਿਰਿਆ ਸੁਚੱਜੇ ਢੰਗ ਨਾਲ ਚੱਲ ਰਹੀ ਹੈ ਅਤੇ ਕਿਸਾਨਾਂ ਨੂੰ ਕਣਕ ਦੀ ਅਦਾਇਗੀ ਦੇ ਰੂਪ 'ਚ 16.97 ਕਰੋੜ ਰੁ. ਦੀ ਰਾਸ਼ੀ ਉਨ੍ਹਾਂ ਦੇ ਖਾਤਿਆਂ 'ਚ ਪਾਈ ਜਾ ਚੁੱਕੀ ਹੈ | ਇਹ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਤੈਅ ਸਮੇਂ ਤੋਂ ਪਹਿਲਾਂ ਹੀ ਕਿਸਾਨਾਂ ਦੇ ਖਾਤਿਆਂ 'ਚ ਕਣਕ ਦੀ ਰਾਸ਼ੀ ਪਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਿਸਾਨਾਂ ਦੀ ਕਣਕ ਦਾ ਦਾਣਾ-ਦਾਣਾ ਖ਼ਰੀਦਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ | ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਦੀਆਂ ਮੰਡੀਆਂ 'ਚ 13,717 ਮੀਟਿ੍ਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ 'ਚੋਂ 9,272 ਮੀਟਿ੍ਕ ਟਨ ਕਣਕ ਦੀ ਖ਼ਰੀਦ ਹੋ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਪਨਗ੍ਰੇਨ ਵਲੋਂ ਹੁਣ ਤੱਕ 3,058 ਮੀਟਿ੍ਕ ਟਨ, ਮਾਰਕਫੈੱਡ ਵਲੋਂ 3,384 ਮੀਟਿ੍ਕ ਟਨ, ਪਨਸਪ ਵਲੋਂ 2,118 ਮੀਟਿ੍ਕ ਟਨ ਅਤੇ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵਲੋਂ 712 ਮੀਟਿ੍ਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਬਾਰਿਸ਼ਾਂ ਨਾਲ ਪ੍ਰਭਾਵਿਤ ਕਣਕ ਦੀ ਜਾਂਚ ਲਈ ਭਾਰਤ ਸਰਕਾਰ ਵਲੋਂ ਤਿੰਨ ਮੈਂਬਰੀ ਕਮੇਟੀ ਮੰਡੀਆਂ 'ਚ ਕਣਕ ਦੇ ਸੈਂਪਲ ਲੈਣ ਲਈ ਭੇਜੀ ਗਈ ਹੈ | ਇਸ ਕਮੇਟੀ ਵਲੋਂ ਐਤਵਾਰ ਨੂੰ ਬਨੂੰੜ ਅਤੇ ਲਾਲੜੂ ਦੀਆਂ ਮੰਡੀਆਂ 'ਚੋਂ ਅਤੇ ਅੱਜ ਕੁਰਾਲੀ ਦੀ ਮੰਡੀ 'ਚੋਂ ਸੈਂਪਲ ਲਏ ਗਏ ਹਨ | ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਸ਼ਿਕਾਇਤ ਨਿਵਾਰਨ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ ਹੈ | ਇਸ ਤੋਂ ਇਲਾਵਾ ਉੱਚ ਅਧਿਕਾਰੀਆਂ ਦੁਆਰਾ ਮੰਡੀਆਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਕਣਕ ਦੀ ਲਿਫ਼ਟਿੰਗ ਮਿੱਥੇ ਸਮੇਂ 'ਚ ਹੀ ਕੀਤੀ ਜਾ ਰਹੀ ਹੈ |