ਚੰਡੀਗੜ੍ਹ, 14 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) ਚੰਡੀਗੜ੍ਹ 'ਚ ਜਨਗਣਨਾ2027 ਦੇ ਪਹਿਲੇ ਪੜਾਅ ਦੀ ਸ਼ੁਰੂਆਤ 16 ਅਪ੍ਰੈਲ ਤੋਂ ਕੀਤੀ ਜਾ ਰਹੀ ਹੈ | ਇਸ ਸਬੰਧੀ ਅੱਜ ਡਾਇਰੈਕਟਰ ਜਨਗਣਨਾ ਸੰਚਾਲਨ ਯੂਟੀ ਚੰਡੀਗੜ੍ਹ ਡਾ. ਨਵਜੋਤ ਖੋਸਾ ਅਤੇ ਨਿਸ਼ਾਂਤ ਕੁਮਾਰ ਯਾਦਵ ਡਿਪਟੀ ਕਮਿਸ਼ਨਰ ਕਮ ਪ੍ਰਮੁੱਖ ਜਨਗਣਨਾ ਅਫ਼ਸਰ ਨੇ ਪੂਰੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਲੋਕਾਂ ਨੂੰ ਜਨਗਣਨਾ ਦੌਰਾਨ ਭਰਪੂਰ ਸਹਿਯੋਗ ਦੇਣ ਦੀ ਅਪੀਲ ਕੀਤੀ | ਉਨ੍ਹਾਂ ਦੱਸਿਆ ਕਿ ਜਨਗਣਨਾ ਐਕਟ 1948 ਅਤੇ ਜਨਗਣਨਾ ਨਿਯਮ 1990 ਅਧੀਨ ਕਰਵਾਈ ਜਾਣ ਵਾਲੀ ਇਹ ਕਵਾਇਦ ਦੇਸ਼ ਦੀਆਂ ਸਭ ਤੋਂ ਵੱਡੀਆਂ ਪ੍ਰਸ਼ਾਸਕੀ ਗਤੀਵਿਧੀਆਂ ਵਿਚੋਂ ਇੱਕ ਹੈ | ਜਨਗਣਨਾ2027 ਆਜ਼ਾਦੀ ਤੋਂ ਬਾਅਦ ਅੱਠਵੀਂ ਅਤੇ ਕੁੱਲ 16ਵੀਂ ਜਨਗਣਨਾ ਹੋਵੇਗੀ | ਪਿਛਲੀ ਜਨਗਣਨਾ 2011 'ਚ ਹੋਈ ਸੀ, ਜਦਕਿ 2021 ਦੀ ਜਨਗਣਨਾ ਕੋਵਿਡ-19 ਮਹਾਂਮਾਰੀ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ | ਜਨਗਣਨਾ ਦੋ ਪੜਾਵਾਂ ਵਿਚ ਕਰਵਾਈ ਜਾਵੇਗੀ | ਪਹਿਲਾ ਪੜਾਅ ਹਾਊਸਲਿਸਟਿੰਗ ਅਤੇ ਹਾਊਸਿੰਗ ਸੈਂਸਸ (ਐਚਐਲਓ) ਹੈ, ਜਿਸ 'ਚ 16 ਅਪ੍ਰੈਲ ਤੋਂ 30 ਅਪ੍ਰੈਲ 2026 ਤੱਕ ਸੈਲਫ਼ ਐਨਯੂਮਰੇਸ਼ਨ ਅਤੇ 1 ਮਈ ਤੋਂ 30 ਮਈ 2026 ਤੱਕ ਘਰ-ਘਰ ਜਾ ਕੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ | ਦੂਜਾ ਪੜਾਅ ਪਾਪੂਲੇਸ਼ਨ ਐਨਯੂਮਰੇਸ਼ਨ (ਪੀਈ) ਫ਼ਰਵਰੀ 2027 ਵਿਚ ਮੁਕੰਮਲ ਕੀਤਾ ਜਾਵੇਗਾ | ਇਸ ਵਾਰ ਜਨਗਣਨਾ ਪਹਿਲੀ ਵਾਰ ਪੂਰੀ ਤਰਾਂ ਡਿਜ਼ਿਟਲ ਢੰਗ ਨਾਲ ਕਰਵਾਈ ਜਾਵੇਗੀ | ਲੋਕਾਂ ਨੂੰ ਆਨਲਾਈਨ ਸੈਲਫ਼ ਐਨਯੂਮਰੇਸ਼ਨ ਦੀ ਸਹੂਲਤ ਵੀ ਦਿੱਤੀ ਜਾਵੇਗੀ, ਜਿਸ ਰਾਹੀਂ ਉਹ ਆਪਣੇ ਘਰ ਬੈਠੇ ਜਾਣਕਾਰੀ ਭਰ ਸਕਣਗੇ | ਸੈਲਫ ਐਨਯੂਮਰੇਸ਼ਨ ਕਰਨ ਤੋਂ ਬਾਅਦ ਇਕ ਯੂਨੀਕ ਆਈ.ਡੀ. ਜਨਰੇਟ ਹੋਵੇਗੀ, ਜਿਸ ਨੂੰ ਐਨਯੂਮਰੇਟਰ ਨਾਲ ਸਾਂਝਾ ਕਰਨਾ ਲਾਜ਼ਮੀ ਹੋਵੇਗਾ | ਚੰਡੀਗੜ੍ਹ 'ਚ ਜਨਗਣਨਾ ਲਈ ਕੁੱਲ 2045 ਹਾਊਸਲਿਸਟਿੰਗ ਬਲਾਕ ਬਣਾਏ ਗਏ ਹਨ | ਇਸ ਕੰਮ ਲਈ 2250 ਐਨਯੂਮਰੇਟਰ ਅਤੇ 375 ਸੁਪਰਵਾਈਜ਼ਰ (ਰਿਜ਼ਰਵ ਸਮੇਤ) ਨਿਯੁਕਤ ਕੀਤੇ ਗਏ ਹਨ | ਇਨ੍ਹਾਂ ਅਧਿਕਾਰੀਆਂ ਦੀ ਸਿਖਲਾਈ ਲਈ 16 ਅਪ੍ਰੈਲ ਤੋਂ 29 ਅਪ੍ਰੈਲ ਤੱਕ ਪ੍ਰੋਗਰਾਮ ਕਰਵਾਏ ਜਾਣਗੇ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਮਨਦੀਪ ਸਿੰਘ ਭੱਟੀ, ਲੋਕ ਸੰਪਰਕ ਤੇ ਸੂਚਨਾ ਵਿਭਾਗ ਦੇ ਡਾਇਰੈਕਟਰ ਰਾਜੀਵ ਤਿਵਾੜੀ ਸਮੇਤ ਚੰਡੀਗੜ੍ਹ ਪ੍ਰਸ਼ਾਸਨ ਅਤੇ ਜਨਗਣਨਾ ਦਫ਼ਤਰ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ |