ਡੇਰਾਬੱਸੀ, 14 ਅਪ੍ਰੈਲ (ਗੁਰਮੀਤ ਸਿੰਘ)-ਭਾਜਪਾ ਕਿਸਾਨ ਮੋਰਚਾ ਜ਼ਿਲ੍ਹਾ ਮੁਹਾਲੀ ਵਲੋਂ ਸੰਗਠਨ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਹਲਕਾ ਡੇਰਾਬੱਸੀ ਤੋਂ ਲਾਭ ਸਿੰਘ (ਜੌਲਾ ਕਲਾਂ) ਨੂੰ ਉਪ ਪ੍ਰਧਾਨ-1, ਸੁਭਾਸ਼ ਚੰਦਰ ਸੈਣੀ (ਹੈਬਤਪੁਰ) ਨੂੰ ਸਕੱਤਰ-2 ਅਤੇ ਅੰਗਰੇਜ਼ ਸਿੰਘ (ਕੂੜਾਂਵਾਲਾ) ਨੂੰ ਸਕੱਤਰ-2 ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ | ਇਨ੍ਹਾਂ ਨਿਯੁਕਤੀਆਂ ਨਾਲ ਡੇਰਾਬੱਸੀ ਖੇਤਰ 'ਚ ਸੰਗਠਨ ਨੂੰ ਹੋਰ ਮਜ਼ਬੂਤੀ ਮਿਲਣ ਦੀ ਆਸ ਜਤਾਈ ਜਾ ਰਹੀ ਹੈ | ਇਸ ਤੋਂ ਇਲਾਵਾ ਧਰਮਵੀਰ ਨੂੰ ਉਪ ਪ੍ਰਧਾਨ-2 ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਦਕਿ ਰਣਵੀਰ ਸਿੰਘ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ | ਇਨ੍ਹਾਂ ਨਿਯੁਕਤੀਆਂ ਦੇ ਚਲਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਵਲੋਂ ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਈ | ਇਸ ਪ੍ਰੋਗਰਾਮ 'ਚ ਸੀਨੀਅਰ ਭਾਜਪਾ ਆਗੂ ਅਤੇ ਪੰਜਾਬ ਇਨਫੋਟੈੱਕ ਦੇ ਸਾਬਕਾ ਚੇਅਰਮੈਨ ਐਸ. ਐਮ. ਐਸ. ਸੰਧੂ ਨੇ ਵੀ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਸੰਜੀਵ ਵਸ਼ਿਸ਼ਟ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਭਾਜਪਾ ਪਿੰਡਾਂ 'ਚ ਆਪਣੀ ਪਕੜ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਨਵੀਆਂ ਨਿਯੁਕਤੀਆਂ ਨਾਲ ਪਾਰਟੀ ਦਾ ਕਿਸਾਨਾਂ ਨਾਲ ਸਿੱਧਾ ਸੰਪਰਕ ਹੋਰ ਮਜ਼ਬੂਤ ਹੋਵੇਗਾ | ਇਸੇ ਦੌਰਾਨ ਐਸ. ਐਮ. ਐਸ. ਸੰਧੂ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਹਾਲ ਹੀ 'ਚ ਹੋਈਆਂ ਬਲਾਕ ਸੰਮਤੀ ਦੀਆਂ ਚੋਣਾਂ ਦੇ ਨਤੀਜਿਆਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਭਾਜਪਾ ਪਿੰਡਾਂ 'ਚ ਤੇਜ਼ੀ ਨਾਲ ਆਪਣੀ ਪਕੜ ਬਣਾ ਰਹੀ ਹੈ |