ਐੱਸ. ਏ. ਐੱਸ. ਨਗਰ, 14 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਵਿਭਾਗ (ਸ. ਸ.) ਵਲੋਂ ਤਾਜ਼ਾ ਪੱਤਰ ਜਾਰੀ ਕਰਕੇ ਜ਼ਿਲਾ ਸਿੱਖਿਆ ਅਫ਼ਸਰਾਂ ਨੂੰ ਅਧਿਆਪਕਾਂ ਦੇ ਜ਼ਿਲ੍ਹੇੇ ਅੰਦਰ 'ਆਰਜ਼ੀ ਪ੍ਰਬੰਧ' ਕਰਨ ਦੇ ਅਧਿਕਾਰ ਦੇਣ ਦੇ ਫ਼ੈਸਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਮੁਹਾਲੀ ਦੇ ਪ੍ਰਧਾਨ ਰਵਿੰਦਰ ਸਿੰਘ ਪੱਪੀ ਸਿੱਧੂ, ਜਨਰਲ ਸਕੱਤਰ ਮਨਪ੍ਰੀਤ ਸਿੰਘ ਗੋਸਲਾਂ, ਪ੍ਰੈੱਸ ਸਕੱਤਰ ਬਲਜੀਤ ਚੁੰਬਰ ਤੇ ਰਾਜੇਸ਼ ਜੋਸ਼ੀ ਨੇ ਮੰਗ ਕੀਤੀ ਕਿ ਮਿਡਲ ਸਕੂਲਾਂ ਵਿਚ ਵਿਸ਼ਾ ਵਾਰ ਅਧਿਆਪਕ ਵਿਦਿਆਰਥੀਆਂ ਨੂੰ ਦਿੱਤੇ ਜਾਣ ਅਤੇ ਪ੍ਰਾਇਮਰੀ ਸਕੂਲਾਂ ਵਿਚ ਹਰੇਕ ਸ਼੍ਰੇਣੀ ਲਈ ਇਕ ਅਧਿਆਪਕ ਜ਼ਰੂਰੀ ਕੀਤਾ ਜਾਵੇ | ਇਸੇ ਦੌਰਾਨ ਅਧਿਆਪਕ ਆਗੂਆਂ ਗੁਰਬੀਰ ਸਿੰਘ, ਚਰਨਜੀਤ ਸਿੰਘ, ਵੇਦ ਪ੍ਰਕਾਸ਼, ਵਰਿੰਦਰ ਕੁਮਾਰ ਆਦਿ ਨੇ ਕਿਹਾ ਕਿ ਪਹਿਲਾਂ ਇਹ ਹੁਕਮ ਸਿਰਫ਼ ਪ੍ਰਾਇਮਰੀ ਸਕੂਲਾਂ ਤੱਕ ਹੀ ਸੀਮਿਤ ਸੀ, ਪਰ ਹੁਣ ਵਿਭਾਗ ਨੇ ਮਿਡਲ ਸਕੂਲਾਂ ਵਿਚ ਵੀ 'ਆਰਜ਼ੀ ਪ੍ਰਬੰਧ' ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਜੋ ਕਿ ਬੇਹੱਦ ਮੰਦਭਾਗਾ ਹੈ | ਇਸ ਨਾਲ ਮਿਡਲ ਪੱਧਰ ਦੀ ਸਿੱਖਿਆ ਦਾ ਢਾਂਚਾ ਵੀ ਬੁਰੀ ਤਰਾਂ ਪ੍ਰਭਾਵਿਤ ਹੋਵੇਗਾ | ਆਗੂਆਂ ਨੇ ਕਿਹਾ ਕਿ ਸਰਕਾਰ ਇਕ ਪਾਸੇ 'ਟੀਚਰ ਟਰਾਂਸਫ਼ਰ ਪਾਲਿਸੀ' ਦੀਆਂ ਗੱਲਾਂ ਕਰਦੀ ਹੈ, ਪਰ ਦੂਜੇ ਪਾਸੇ 'ਆਰਜ਼ੀ ਪ੍ਰਬੰਧ' ਦੇ ਨਾਂਅ 'ਤੇ ਅਧਿਆਪਕਾਂ ਨੂੰ ਜ਼ਬਰਦਸਤੀ ਦੂਰ-ਦੁਰਾਡੇ ਭੇਜ ਕੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਉਨਾਂ ਕਿਹਾ ਕਿ ਇਸ ਤਰ੍ਹਾਂ ਹੁਣ ਅਧਿਆਪਕ ਨੂੰ ਇਕ ਸਕੂਲ 'ਚੋਂ ਚੁੱਕ ਕੇ ਦੂਜੇ ਸਕੂਲ 'ਚ ਭੇਜਿਆ ਜਾਵੇਗਾ, ਲਿਹਾਜ਼ਾ ਪਹਿਲੇ ਸਕੂਲ ਦੇ ਬੱਚਿਆਂ ਦੀ ਪੜ੍ਹਾਈ ਲਈ ਜ਼ਿੰਮੇਵਾਰ ਕੌਣ ਹੋਵੇਗਾ | ਆਗੂਆਂ ਨੇ ਕਿਹਾ ਕਿ ਜੇਕਰ ਵਿਭਾਗ ਅਧਿਆਪਕਾਂ ਦੀ ਘਾਟ ਪੂਰੀ ਕਰਨਾ ਚਾਹੁੰਦਾ ਹੈ ਤਾਂ ਪੁਰਾਣੀਆਂ ਡੰਗ-ਟਪਾਊ ਨੀਤੀਆਂ ਛੱਡ ਕੇ ਤੁਰੰਤ ਨਵੀਂ ਭਰਤੀ ਕਰੇ ਅਤੇ ਇਸ ਪੱਤਰ ਨੂੰ ਤੁਰੰਤ ਵਾਪਸ ਲਵੇ, ਨਹੀਂ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਗੁਲਜੀਤ ਸਿੰਘ, ਅਮਰੀਕ ਸਿੰਘ, ਹਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਰਵੀ ਕੁਮਾਰ, ਵਰਿੰਦਰ ਕੁਮਾਰ, ਸੋਹਣ ਸਿੰਘ, ਵਰਿੰਦਰ ਪਿੰਕੀ, ਦਰਸ਼ਨ ਸਿੰਘ, ਸੁਖਜਿੰਦਰ ਬਾਸਮਾ, ਮਨਿੰਦਰ ਛੱਤ, ਸਤਵਿੰਦਰ ਕੌਰ, ਵੀਨਾ ਕੁਮਾਰੀ ਤੇ ਸਰਬਜੀਤ ਕੌਰ ਆਦਿ ਵੀ ਹਾਜ਼ਰ ਸਨ |