ਡੇਰਾਬੱਸੀ, 14 ਅਪ੍ਰੈਲ (ਗੁਰਮੀਤ ਸਿੰਘ)- 19 ਵਾਰਡਾਂ ਅਤੇ ਦਰਜਨਾਂ ਪਿੰਡਾਂ ਵਾਲੇ ਡੇਰਾਬੱਸੀ ਸ਼ਹਿਰ ਦੇ ਰਿਹਾਇਸ਼ੀ ਖੇਤਰ 'ਚ ਲੱਗੇ ਬਿਜਲੀ ਦੇ ਖੰਭੇ ਤੇ ਛੱਤਾਂ ਉੱਪਰੋਂ ਦੀਆਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਕਿਸੇ ਵੇਲੇ ਵੀ ਮਨੁੱਖੀ ਜਾਨਾਂ ਦਾ ਘਾਣ ਕਰ ਸਕਦੀਆਂ ਹਨ | ਖੇਤਰ 'ਚ ਵੱਖ-ਵੱਖ ਥਾਵਾਂ ਸਮੇਤ ਕਿਸੇ ਸਮੇਂ ਸ਼ਹਿਰ ਦਾ ਸਭ ਤੋਂ ਪੌਸ਼ ਇਲਾਕਾ ਮੰਨੇ ਜਾਂਦੇ ਆਦਰਸ਼ ਨਗਰ ਦੀਆਂ ਗਲੀਆਂ ਦੀ ਐਂਟਰੀ 'ਤੇ ਤਾਰਾਂ ਦੇ ਜਾਲ ਕਈ ਸਾਲਾਂ ਤੋਂ ਬਣੇ ਹੋਏ ਹਨ, ਜਿਸ ਵੱਲ ਬਿਜਲੀ ਵਿਭਾਗ ਧਿਆਨ ਨਹੀਂ ਦੇ ਰਿਹਾ | ਮੁੱਖ ਸੜਕ 'ਤੇ ਸਥਿਤ ਇਸ ਕਾਲੋਨੀ ਦੇ ਬਾਹਰੋਂ ਲੰਘਦੀਆਂ ਤਾਰਾਂ ਪਾਵਰਕਾਮ ਦੀ ਨਾਕਸ ਕਾਰਗੁਜ਼ਾਰੀ ਨੂੰ ਆਪਣੇ ਮੁਹਾਰੇ ਸਪੱਸ਼ਟ ਕਰਦੀਆਂ ਹਨ | ਸ਼ਹਿਰ 'ਚ ਬਿਜਲੀ ਦੇ ਮੀਟਰਾਂ ਵਾਲੇ ਬਕਸਿਆਂ ਕੋਲ ਵੀ ਤਾਰਾਂ ਦੇ ਜਾਲ ਥਾਂ-ਥਾਂ 'ਤੇ ਦੇਖਣ ਨੂੰ ਮਿਲ ਜਾਂਦੇ ਹਨ | ਬਿਜਲੀ ਦੀਆਂ ਤਾਰਾਂ ਦੇ ਜਾਲ ਮਕਾਨਾਂ ਦੀਆਂ ਛੱਤਾਂ ਉੱਪਰੋਂ ਵੀ ਲੰਘਦੇ ਹਨ, ਜਿਸ ਦੇ ਚਲਦਿਆਂ ਹਰ ਸਮੇਂ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ | ਇੱਥੇ ਹੀ ਬੱਸ ਨਹੀਂ ਸਰਕਾਰੀ ਬਿਜਲੀ ਦੇ ਖੰਭਿਆਂ 'ਤੇ ਕੇਬਲ ਦੀਆਂ ਤਾਰਾਂ, ਟੈਲੀਫ਼ੋਨ ਤੇ ਇੰਟਰਨੈੱਟ ਦੀਆਂ ਤਾਰਾਂ ਦੇ ਬਣੇ ਜਾਲ ਵੀ ਸ਼ਹਿਰ ਦੀ ਸੁੰਦਰਤਾ ਨੂੰ ਖ਼ਰਾਬ ਕਰ ਰਹੇ ਹਨ | ਬਾਰਿਸ਼ ਦੇ ਦਿਨਾਂ 'ਚ ਇਨ੍ਹਾਂ ਤਾਰਾਂ ਕਾਰਨ ਕਰੰਟ ਲੱਗਣ ਕਰਕੇ ਸੈਂਕੜੇ ਬੇਜੁਬਾਨ ਪਸ਼ੂ ਜਾਨਾਂ ਗੁਆ ਚੁੱਕੇ ਹਨ | ਲੋਕਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਅਨੇਕਾਂ ਵਾਰ ਪਾਵਰਕਾਮ ਦੇ ਉੱਚ ਅਧਿਕਾਰੀਆਂ ਨੂੰ ਬੇਨਤੀ ਕੀਤੀ ਜਾ ਚੁੱਕੀ ਹੈ, ਪ੍ਰੰਤੂ ਅਧਿਕਾਰੀਆਂ ਦੇ ਕੰਨਾਂ 'ਤੇ ਜੂੰਅ ਤੱਕ ਨਹੀਂ ਸਰਕੀ | ਇੱਥੇ ਹੀ ਬਸ ਨਹੀਂ ਬਿਜਲੀ ਅਧਿਕਾਰੀਆਂ ਅਤੇ ਡੇਰਾਬੱਸੀ ਪ੍ਰਸ਼ਾਸਨ ਦੀ ਨੱਕ ਹੇਠ ਤਹਿਸੀਲ ਸੜਕ 'ਤੇ ਬਿਜਲੀ ਦੇ ਮੀਟਰਾਂ ਵਾਲੇ ਸੜੇ ਅਤੇ ਨੁਕਸਾਨੇ ਗਏ ਬਕਸੇ ਜਿੱਥੇ ਕਿਸੇ ਦੀ ਵੀ ਜਾਨ ਲੈ ਸਕਦੇ ਹਨ, ਉੱਥੇ ਹੀ ਇਹ ਸੰਬੰਧਿਤ ਵਿਭਾਗ ਦੀ ਲਾਪ੍ਰਵਾਹੀ ਦਾ ਵੀ ਵੱਡਾ ਸਬੂਤ ਹਨ | ਸਥਾਨਕ ਸ਼ਹਿਰ ਦੇ ਵਸਨੀਕਾਂ ਨੇ ਮੰਗ ਕੀਤੀ ਕਿ ਇਨ੍ਹਾਂ ਤਾਰਾਂ ਨੂੰ ਤੁਰੰਤ ਹਟਾਇਆ ਜਾਵੇ ਅਤੇ ਸ਼ਹਿਰ ਦੇ ਅੰਦਰੂਨੀ ਹਿੱਸਿਆਂ 'ਚ ਬਿਜਲੀ ਤੇ ਇੰਟਰਨੈੱਟ ਦੀਆਂ ਬਿਜਲੀ ਦੇ ਖੰਭਿਆਂ 'ਤੇ ਬੁਰੀ ਤਰ੍ਹਾਂ ਉਲਝੀਆਂ ਤਾਰਾਂ ਨੂੰ ਫੌਰੀ ਤੌਰ 'ਤੇ ਹਟਾਇਆ ਜਾਵੇ | ਉਧਰ ਦੂਜੇ ਪਾਸੇ ਜਦੋਂ ਇਸ ਮਾਮਲੇ ਸੰਬੰਧੀ ਬਿਜਲੀ ਵਿਭਾਗ ਦੇ ਐਸ. ਡੀ. ਓ. ਗੁਰਜਿੰਦਰ ਸਿੰਘ ਨੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਤਾਰਾਂ ਠੀਕ ਕੀਤੀਆਂ ਜਾ ਰਹੀਆਂ ਹਨ, ਜਦਕਿ ਕੇਬਲ ਦੀਆਂ ਤਾਰਾਂ ਠੀਕ ਕਰਵਾਉਣ ਸੰਬੰਧੀ ਕੇਬਲ ਆਪ੍ਰੇਟਰਾਂ ਨੂੰ ਨੋਟਿਸ ਭੇਜਿਆ ਗਿਆ ਹੈ |