ਐੱਸ. ਏ. ਐੱਸ. ਨਗਰ, 14 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਫੇਜ਼-1 ਦੀ ਖੋਖਾ ਮਾਰਕੀਟ ਨੇੜੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਇਕ ਕਾਰ ਦੀ ਲਪੇਟ ਵਿਚ ਆਉਣ ਕਾਰਨ 4 ਸਾਲਾ ਬੱਚੀ ਦੀ ਮੌਤ ਹੋ ਗਈ | ਮਿ੍ਤਕ ਬੱਚੀ ਦੀ ਪਛਾਣ ਅਨੁਸ਼ਕਾ ਵਜੋਂ ਹੋਈ ਹੈ | ਸਾਰੀ ਘਟਨਾ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਚੁੱਕੀ ਹੈ, ਜਿਸ ਦੀ ਫੁਟੇਜ਼ ਦੇਖਣ 'ਤੇ ਪਤਾ ਚਲਦਾ ਹੈ ਕਿ ਇਕ ਛੋਟੀ ਬੱਚੀ ਆਪਣੀ ਮਾਂ ਦਾ ਹੱਥ ਫੜ੍ਹ ਕੇ ਜਾ ਰਹੀ ਹੈ ਅਤੇ ਪਿੱਛੋਂ ਇਕ ਕਾਰ ਮੁੜਦੀ ਦਿਖਾਈ ਦਿੰਦੀ ਹੈ | ਕਾਰ ਦੇ ਨੇੜੇ ਆਉਣ 'ਤੇ ਅਚਾਨਕ ਬੱਚੀ ਡਿੱਗ ਪੈਂਦੀ ਹੈ ਅਤੇ ਕਾਰ ਦੇ ਅਗਲੇ ਟਾਇਰ ਹੇਠਾਂ ਆ ਜਾਂਦੀ ਹੈ | ਇਸ ਦੌਰਾਨ ਲੋਕ ਇਕੱਠੇ ਹੋ ਜਾਂਦੇ ਹਨ ਅਤੇ ਕਾਰ ਚਾਲਕ ਕਾਰ ਨੂੰ ਪਿੱਛੇ ਕਰਦਾ ਹੈ, ਜਿਸ ਤੋਂ ਬੱਚੀ ਨੂੰ ਟਾਇਰ ਹੇਠੋਂ ਕੱਢ ਲਿਆ ਜਾਂਦਾ ਹੈ | ਮਿ੍ਤਕ ਬੱਚੀ ਦੇ ਪਿਤਾ ਵਿਨੋਦ ਕੁਮਾਰ ਨੇ ਦੱਸਿਆ ਕਿ ਦੁਪਹਿਰ ਵੇਲੇ ਉਸ ਦੀ ਬੱਚੀ ਆਪਣੀ ਮਾਂ ਦੇ ਨਾਲ ਬਾਜ਼ਾਰ ਜਾ ਰਹੀ ਸੀ | ਅਚਾਨਕ ਹੀ ਉਸ ਦਾ ਹੱਥ ਛੁੱਟ ਗਿਆ ਅਤੇ ਉਹ ਡਿੱਗ ਪਈ, ਜਿਸ ਦੌਰਾਨ ਪਿੱਛੇ ਤੋਂ ਆ ਰਹੀ ਇਕ ਕਾਰ ਉਸ 'ਤੇ ਚੜ੍ਹ ਗਈ | ਇਸ ਤੋਂ ਬਾਅਦ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਥੇ ਉਸ ਦੀ ਮੌਤ ਹੋ ਗਈ | ਕਾਰ ਚਾਲਕ ਫ਼ਰਾਰ ਦੱਸਿਆ ਜਾ ਰਿਹਾ ਹੈ | ਇਸ ਘਟਨਾ ਸੰਬੰਧੀ ਪੁਲਿਸ ਵਲੋਂ ਬੀ. ਐੱਨ. ਐੱਸ. ਦੀ ਧਾਰਾ 281, 106 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |