ਵੱਖ-ਵੱਖ ਸਕੂਲਾਂ ਦਾ ਸੀ.ਬੀ.ਐਸ.ਈ. ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਅਜੀਤ ਡੈਸਕ
17-04-2026
ਚੰਡੀਗੜ੍ਹ, 16 ਅਪ੍ਰੈਲ (ਸੁਖਵਿੰਦਰ ਸਿੰਘ ਸ਼ਾਨ)- ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਨੇ ਇਕ ਵਾਰ ਫਿਰ ਅਕਾਦਮਿਕ ਸੈਸ਼ਨ 2025-26 ਲਈ ਦਸਵੀਂ ਜਮਾਤ ਦੇ ਐਲਾਨੇ ਨਤੀਜੇ ਵਿਚ ਮਿਸਾਲੀ ਅਕਾਦਮਿਕ ਪ੍ਰਦਰਸ਼ਨ ਕੀਤਾ ਹੈ | ਕੇਂਦਰੀ ਬੋਰਡ ਸੈਕੰਡਰੀ ਸਕੂਲ ਸਿੱਖਿਆ ਵਲੋਂ ਜਾਰੀ ਨਤੀਜੇ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਦੇ ਸਰਕਾਰੀ ਸਕੂਲਾਂ ਦੀ ਕੁੱਲ ਪਾਸ ਪ੍ਰਤੀਸ਼ਤਤਾ ਪ੍ਰਭਾਵਸ਼ਾਲੀ 88.25% ਹੈ, ਜੋ ਕਿ 2024-25 ਵਿਚ 81.18% ਤੋਂ ਕਾਫ਼ੀ ਵਾਧਾ ਹੈ, ਜੋ ਕਿ 7.07 ਪ੍ਰਤੀਸ਼ਤ ਅੰਕਾਂ ਦੇ ਮਹੱਤਵਪੂਰਨ ਸੁਧਾਰ ਨੂੰ ਦਰਸਾਉਂਦੀ ਹੈ | ਸਰਕਾਰੀ ਸਕੂਲਾਂ ਦੇ ਕੁੱਲ 9,358 ਵਿਦਿਆਰਥੀਆਂ ਵਿੱਚੋਂ 8,257 ਵਿਦਿਆਰਥੀਆਂ ਪਾਸ ਹੋਏ ਹਨ, ਜਿਨਾਂ ਵਿਚ 4,614 ਲੜਕਿਆਂ ਅਤੇ 4,744 ਲੜਕੀਆਂ ਨੇ ਪਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ ਕ੍ਰਮਵਾਰ 4,050 ਲੜਕੇ ਅਤੇ 4,207 ਲੜਕੀਆਂ ਪਾਸ ਹੋਈਆਂ | ਉਪਲਬਧ ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਲੜਕੀਆਂ ਦਾ ਪ੍ਰਦਰਸ਼ਨ ਲੜਕਿਆਂ ਦੀ ਤੁਲਨਾ ਵਿਚ ਬਿਹਤਰ ਰਿਹਾ ਹੈ, ਜੋ ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਦੀ ਵਧਦੀ ਭਾਗੀਦਾਰੀ ਅਤੇ ਉਤਕਿ੍ਸ਼ਟਤਾ ਨੂੰ ਰੇਖਾਂਕਿਤ ਕਰਦਾ ਹੈ | ਨਤੀਜੇ ਅਨੁਸਾਰ ਸਰਕਾਰੀ ਸਕੂਲਾਂ ਦੇ 21 ਵਿਦਿਆਰਥੀਆਂ ਨੇ 95 ਫੀਸਦ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ, ਜਦੋਂ ਕਿ 120 ਵਿਦਿਆਰਥੀਆਂ ਨੇ 90 ਫੀਸਦ ਤੋਂ ਜ਼ਿਆਦਾ ਅੰਕ ਹਾਸਲ ਕੀਤੇ ਹਨ | ਇਸ ਦੇ ਨਾਲ 17 ਸਕੂਲਾਂ ਨੇ 100 ਫੀਸਦ ਵਿਦਿਆਰਥੀ ਪਾਸ ਦਸਵੀਂ ਜਮਾਤ ਵਿਚੋਂ ਪਾਸ ਹੋਏ ਹਨ, ਜਦੋਂ ਕਿ 23 ਸਕੂਲਾਂ ਦੇ 95 ਫੀਸਦ ਅਤੇ 10 ਸਕੂਲਾਂ ਦੇ 90 ਤੋਂ 95 ਫੀਸਦ ਵਿਦਿਆਰਥੀ ਪਾਸ ਹੋ ਗਏ ਹਨ | ਪ੍ਰਭਾਵਸ਼ਾਲੀ ਅੰਕ ਲੈਣ ਵਾਲੇ ਵਿਦਿਆਰਥੀਆਂ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 33 ਦੇ ਅਭੈ ਸਿੰਘ ਨੇ 98.8 ਫ਼ੀਸਦ ਅੰਕ ਪ੍ਰਾਪਤ ਕੀਤੇ ਹਨ, ਜਦੋਂ ਕਿ ਜੀਜੀਐਮਐਸ ਐਸ ਸੈਕਟਰ 20 ਦੀ ਵਿਦਿਆਰਥਣ ਸਾਨਵੀ ਬਿੰਜੋਲਾ ਨੇ 98.4 ਫੀਸਦ, ਜੀਐਮਐਸਐਸ ਸੈਕਟਰ 35 ਦੇ ਵਿਸ਼ਨੂੰ ਦੇਵ ਨੇ 98.2 ਫੀਸਦ, ਜੀਐਮਐਸ ਐਸ ਸੈਕਟਰ 20 ਦੇ ਅਨੁਜ ਸ਼ਰਮਾ ਨੇ 97.4, ਜੀਐਮਐਸਐਸ ਸੈਕਟਰ 10 ਦੀ ਰਿਧੀਮਾ ਨੇ 96.8 ਫੀਸਦ ਅਤੇ ਜੀਐਮਐਸ ਐਸ ਸੈਕਟਰ 16 ਦੇ ਜੈਕ੍ਰਿਤ ਸਿੰਘ ਧੰਜਲ ਨੇ 96.8 ਫੀਸਦ ਅੰਕ ਹਾਸਲ ਕੀਤੇ ਹਨ |
ਅੰਕੁਰ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਰਿਹਾ 100 ਪ੍ਰਤੀਸ਼ਤ
ਚੰਡੀਗੜ੍ਹ, (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੇ ਅੰਕੁਰ ਸਕੂਲ ਦਾ ਸੀ. ਬੀ.ਐੱਸ.ਈ ਵਲੋਂ ਐਲਾਨਿਆ ਦਸਵੀਂ ਜਮਾਤ ਦਾ ਨਤੀਜਾ 100% ਰਿਹਾ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਪਿੰ੍ਰਸੀਪਲ ਅਰੁਣਾ ਧੀਮਾਨ ਨੇ ਦੱਸਿਆ ਕਿ ਕੁੱਲ 172 ਵਿਦਿਆਰਥੀਆਂ ਵਿਚੋਂ 13 ਵਿਦਿਆਰਥੀਆਂ ਨੇ 95% , 29 ਵਿਦਿਆਰਥੀਆਂ ਨੇ 90-95%, 23 ਵਿਦਿਆਰਥੀਆਂ ਨੇ 85-90% ਅਤੇ 23 ਵਿਦਿਆਰਥੀਆਂ ਨੇ 80-85% ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਪ੍ਰਮੁੱਖ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿਚ ਸਿਮਰਨ ਪ੍ਰੀਤ ਕੌਰ (98.8%) ਨੇ ਪਹਿਲਾ, ਅਰਸ਼ੀਆ ਠਾਕੁਰ (98.6%) ਨੇ ਦੂਜਾ ਅਤੇ ਯਸ਼ਸਵਿਨੀ ਸਾਹੂ (97.4%) ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਪਿੰ੍ਰਸੀਪਲ ਨੇ ਵਿਦਿਆਰਥੀਆਂ ਦੀ ਇਸ ਉਪਲਬਧੀ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਇਸ ਨੂੰ ਵਿਦਿਆਰਥੀਆਂ ਦੀ ਮਿਹਨਤ ਦਾ ਨਤੀਜਾ ਦੱਸਿਆ |
ਗਿਲਕੋ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ 10ਵੀਂ ਜਮਾਤ ਦੇ ਨਤੀਜੇ 'ਚ ਮਾਰੀਆਂ ਮੱਲਾਂ
ਖਰੜ, (ਗੁਰਮੁੱਖ ਸਿੰਘ ਮਾਨ)- ਸੀ. ਬੀ. ਐਸ. ਈ. ਵਲੋਂ ਐਲਾਨ ਗਏ 10ਵੀਂ ਜਮਾਤ ਦੇ ਨਤੀਜਿਆਂ 'ਚ ਗਿਲਕੋ ਇੰਟਰਨੈਸ਼ਨਲ ਸਕੂਲ ਖਰੜ ਨੇ 100 ਫ਼ੀਸਦੀ ਨਤੀਜਾ ਹਾਸਿਲ ਕਰਕੇ ਇਲਾਕੇ ਦਾ ਮਾਣ ਵਧਾਇਆ ਹੈ | ਸਕੂਲ ਪਿ੍ੰ. ਡਾ. ਕਿ੍ਤੀਕਾ ਕੌਸ਼ਿਕ ਨੇ ਦੱਸਿਆ ਕਿ ਵਿਦਿਆਰਥਣ ਅਵਲੀਨ ਕੌਰ ਨੇ 97.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ 'ਚੋਂ ਪਹਿਲਾ, ਵਾਮਿਕਾ ਗੁਪਤਾ ਨੇ 96.8 ਫ਼ੀਸਦੀ ਅੰਕ ਹਾਸਿਲ ਕਰਕੇ ਦੂਜਾ ਅਤੇ ਅਵਿਜੋਤ ਸਿੰਘ ਨੇ 96.2 ਫ਼ੀਸਦੀ ਅੰਕ ਹਾਸਿਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਇਸੇ ਤਰ੍ਹਾਂ ਸਕੂਲ ਦੀ ਵਿਦਿਆਰਥਣ ਗਰੀਮਾ ਗੋਇਲ ਨੇ 96 ਫ਼ੀਸਦੀ ਅੰਕ ਹਾਸਿਲ ਕਰਕੇ ਚੌਥਾ, ਜਸਮੀਨ ਨੇ 95.8 ਫ਼ੀਸਦੀ ਅੰਕ ਹਾਸਿਲ ਕਰਕੇ ਪੰਜਵਾਂ ਅਤੇ ਜੋਸ਼ਮੀਆਂ ਨੇ 95.2 ਫ਼ੀਸਦੀ ਅੰਕ ਹਾਸਿਲ ਕਰਕੇ ਛੇਵਾਂ ਸਥਾਨ ਹਾਸਿਲ ਕੀਤਾ ਹੈ | ਇਸ ਪ੍ਰਾਪਤੀ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸਕੂਲ ਦੇ ਚੇਅਰਮੈਨ ਰਣਜੀਤ ਸਿੰਘ ਗਿੱਲ ਨੇ ਸਮੁੱਚੇ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੱਤੀ |
ਸਤਲੁਜ ਵਰਲਡ ਸਕੂਲ ਡੇਰਾਬੱਸੀ
ਡੇਰਾਬੱਸੀ, (ਰਣਬੀਰ ਸਿੰਘ ਪੜ੍ਹੀ)-ਸੀ. ਬੀ. ਐਸ. ਈ. ਵਲੋਂ ਐਲਾਨੇ ਗਏ ਜਮਾਤ 10ਵੀਂ ਦੀ ਪ੍ਰੀਖਿਆ ਦੇ ਨਤੀਜਿਆਂ 'ਚ ਸਤਲੁਜ ਵਰਲਡ ਸਕੂਲ ਡੇਰਾਬੱਸੀ ਦੇ ਕੁੱਲ 57 ਵਿਦਿਆਰਥੀਆਂ 'ਚੋਂ 12 ਹੋਣਹਾਰਾਂ ਨੇ 90 ਫ਼ੀਸਦੀ ਤੋਂ ਵੱਧ ਅੰਕ ਹਾਸਿਲ ਕੀਤੇ | ਇਸ ਤੋਂ ਇਲਾਵਾ 25 ਵਿਦਿਆਰਥੀਆਂ ਨੇ 85 ਫ਼ੀਸਦੀ ਅਤੇ 28 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵਧੇਰੇ ਅੰਕ ਪ੍ਰਾਪਤ ਕੀਤੇ | ਇਨ੍ਹਾਂ ਨਤੀਜਿਆਂ 'ਚ ਸਕੂਲ ਦੀ ਹੋਣਹਾਰ ਵਿਦਿਆਰਥਣ ਜਸਲੀਨ ਕੌਰ ਨੇ 96 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ, ਜਦਕਿ ਪਿਊਸ਼ ਨੇ 95 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਆਦਿਤਿਆ ਨਮਨ ਨੇ 94 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ | ਇਸੇ ਲੜੀ ਵਿਚ ਆਰਵ, ਸੁਧੀਤੀ ਤੇ ਨਵਜੋਤ ਨੇ ਸਾਂਝੇ ਤੌਰ 'ਤੇ 93 ਫ਼ੀਸਦੀ ਅੰਕ ਹਾਸਿਲ ਕਰਕੇ ਚੌਥਾ ਸਥਾਨ ਪ੍ਰਾਪਤ ਕੀਤਾ | ਵਿਦਿਆਰਥੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਖ਼ਾਸ ਗੱਲ ਇਹ ਰਹੀ ਕਿ ਸਮਾਜਿਕ ਸਿੱਖਿਆ (ਸੋਸ਼ਲ ਸਾਇੰਸ), ਅੰਗਰੇਜ਼ੀ ਅਤੇ ਪੰਜਾਬੀ ਵਰਗੇ ਵਿਸ਼ਿਆਂ ਵਿਚ ਬੱਚਿਆਂ ਨੇ 99 ਅੰਕਾਂ ਤੱਕ ਪਹੁੰਚ ਕੇ ਆਪਣੀ ਅਕਾਦਮਿਕ ਪਕੜ ਨੂੰ ਦਰਸਾਇਆ ਹੈ | ਸਕੂਲ ਪ੍ਰਬੰਧਕਾਂ ਨੇ ਇਸ ਸ਼ਾਨਦਾਰ ਸਫਲਤਾ ਦਾ ਸਿਹਰਾ ਸੰਸਥਾ ਦੀ ਪਿਛਲੇ 27 ਸਾਲਾਂ ਦੀ ਅਕਾਦਮਿਕ ਮੁਹਾਰਤ, ਅਧਿਆਪਕਾਂ ਦੀ ਅਣਥੱਕ ਮਿਹਨਤ ਅਤੇ ਸਕੂਲ ਦੀਆਂ ਪ੍ਰਭਾਵਸ਼ਾਲੀ ਸਿੱਖਿਆ ਨੀਤੀਆਂ ਨੂੰ ਦਿੱਤਾ ਹੈ |
ਵਿੱਦਿਆ ਵੈਲੀ ਸਕੂਲ ਖਰੜ ਦਾ 10ਵੀਂ ਦਾ ਨਤੀਜਾ 100 ਫ਼ੀਸਦੀ ਰਿਹਾ
ਖਰੜ, (ਗੁਰਮੁੱਖ ਸਿੰਘ ਮਾਨ)-ਵਿੱਦਿਆ ਵੈਲੀ ਸੀਨੀਅਰ ਸੈਕੰਡਰੀ ਸਕੂਲ ਨਿਊ ਸੰਨੀ ਇਨਕਲੇਵ ਖਰੜ ਦੀ 10ਵੀਂ ਕਲਾਸ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਨੇ ਆਪਣੀ ਅਕਾਦਮਿਕ ਉੱਤਮਤਾ ਦੀ ਵਿਰਾਸਤ ਨੂੰ ਕਾਇਮ ਰੱਖਦੇ ਹੋਏ ਇਹ ਨਤੀਜ਼ਾ ਦਿੱਤਾ ਹੈ | ਸਕੂਲ ਦੇ ਵਿਦਿਆਰਥੀਆਂ ਅਵਿਜੋਤ ਕੌਰ, ਰਿਪਜੀਤ ਸੈਣੀ, ਆਸ਼ਰੇਆ, ਨਿਸ਼ੀਤਾ ਸ਼ਰਮਾ, ਕਿ੍ਸ਼ਨਾ ਮਹਿਤਾ, ਅਮਾਨਤ, ਹਵਿਸ ਗੋਇਲ, ਏਜ਼ਲ ਸੇਠੀ ਤੇ ਦਿਵਾਂਸੀ ਨੇ ਸ਼ਾਨਦਾਰ ਅੰਕ ਹਾਸਿਲ ਕਰਕੇ ਸਕੂਲ ਦਾ ਨਾਂਅ ਚਮਕਾਇਆ ਹੈ, ਜੋ ਕਿ ਸੰਸਥਾ ਲਈ ਬਹੁਤ ਮਾਣ ਵਾਲੀ ਗੱਲ ਹੈ | ਇਸ ਪ੍ਰਾਪਤੀ ਬਦਲੇ ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਸਖ਼ਤ ਮਿਹਨਤ ਤੇ ਲਗਨ ਦਾ ਨਤੀਜਾ ਹੈ | ਉਨ੍ਹਾਂ ਸ਼ਾਨਦਾਰ ਨਤੀਜੇ ਵਾਲੇ ਸਮੁੱਚੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਕਾਮਨਾ ਕਰਦਿਆਂ ਹੋਰਨਾਂ ਵਿਦਿਆਰਥੀਆਂ ਨੂੰ ਵੀ ਉੱਤਮਤਾ ਲਈ ਯਤਨ ਕਰਨ ਅਤੇ ਸਕੂਲ ਦੀ ਮਾਣਮੱਤੀ ਪ੍ਰੰਪਰਾ ਨੂੰ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ |
ਨੈਸ਼ਨਲ ਪਬਲਿਕ ਸਕੂਲ
ਕੁਰਾਲੀ, (ਬਿੱਲਾ ਅਕਾਲਗੜ੍ਹੀਆ)-ਨੈਸ਼ਨਲ ਪਬਲਿਕ ਸਕੂਲ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਮੌਕੇ ਅੱਜ ਸਕੂਲ ਦੀ ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਸੰਤੋਸ਼ ਸ਼ਰਮਾ, ਮੈਨੇਜਰ ਅਮਨ ਸ਼ਰਮਾ, ਖਜ਼ਾਨਚੀ ਈਸ਼ ਅਗਰਵਾਲ ਅਤੇ ਪਿ੍ੰਸੀਪਲ ਮਧੂ ਕਾਲੀਆ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜੇ ਆਉਣ 'ਤੇ ਵਧਾਈ ਦਿੰਦਿਆਂ ਉਨ੍ਹਾਂ ਦਾ ਸਨਮਾਨ ਕਰਕੇ ਹੌਸਲਾ ਅਫਜਾਈ ਕੀਤੀ | ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਜਸ਼ਨਪ੍ਰੀਤ ਕੌਰ ਅਤੇ ਜੈਸਮੀਨ ਨੇ 96.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਨਿਵੇਦਿਤਾ ਨੇ 96.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ, ਪ੍ਰਗੁਨ ਕੁਮਾਰ ਨੇ 96.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਸਕੂਲ ਦੇ 19 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਲੈ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਵਿਦਿਆਰਥੀਆਂ, ਮਾਪਿਆਂ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ |
ਗੁਰੂ ਗੋਬਿੰਦ ਸਿੰਘ ਵਿੱਦਿਆ ਮੰਦਰ ਰਤਵਾੜਾ ਸਾਹਿਬ
ਮੁੱਲਾਂਪੁਰ ਗਰੀਬਦਾਸ, (ਦਿਲਬਰ ਸਿੰਘ ਖੈਰਪੁਰ)-ਗੁਰੂ ਗੋਬਿੰਦ ਸਿੰਘ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਰਤਵਾੜਾ ਸਾਹਿਬ ਦਾ 10ਵੀਂ ਦਾ ਨਤੀਜਾ ਇਸ ਵਾਰ ਵੀ 100 ਫ਼ੀਸਦੀ ਰਿਹਾ | ਇਸ ਵਾਰ ਸਕੂਲ ਦੇ 80 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਨੇ ਚੰਗੇ ਨੰਬਰ ਲੈ ਕੇ ਪਾਸ ਹੋਏ | ਇਨ੍ਹਾਂ ਨਤੀਜਿਆਂ 'ਚ ਸਕੂਲ ਦੀ ਵਿਦਿਆਰਥਣ ਮਾਹੀ ਅਗਰਵਾਲ ਨੇ 97.2 ਫ਼ੀਸਦੀ, ਮੁਸਕਾਨ ਨੇ 95 ਫ਼ੀਸਦੀ, ਹਰਸਿਮਰਨ ਕੌਰ ਨੇ 94.6 ਫ਼ੀਸਦੀ, ਕਿਰਤਜੋਤ ਕੌਰ ਨੇ 93.2 ਫ਼ੀਸਦੀ, ਨਵਨੀਤ ਕੌਰ ਨੇ 92.6 ਫ਼ੀਸਦੀ ਅਤੇ ਅਕਸ਼ਪ੍ਰੀਤ ਸਿੰਘ ਬਾਜਵਾ ਨੇ 92.2 ਫ਼ੀਸਦੀ ਅੰਕ ਹਾਸਿਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ | ਇਸ ਸਫਲਤਾ 'ਤੇ ਸਕੂਲ ਦੇ ਡਾਇਰੈਕਟਰ ਇੰਜ. ਜਸਵੰਤ ਸਿੰਘ, ਪਿ੍ੰਸੀਪਲ ਰਿਤੂ ਓਬਰਾਏ ਅਤੇ ਸਕੂਲ ਦੇ ਸਮੂਹ ਸਟਾਫ ਨੇ ਬੱਚਿਆ ਦੀ ਹੌਸਲਾ ਅਫਜ਼ਾਈ ਕਰਦਿਆਂ ਅੱਗੇ ਵੀ ਇਸ ਤਰ੍ਹਾ ਸਖ਼ਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਟਰੱਸਟ ਦੇ ਚੇਅਰਮੈਨ ਬਾਬਾ ਲਖਬੀਰ ਸਿੰਘ ਨੇ ਸਮੂਹ ਸਟਾਫ਼ ਅਤੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ |
ਲਕਸ਼ਮੀ ਤਾਰਾ ਰਾਠੌਰ ਸਕੂਲ ਮਾਜਰੀ
ਮਾਜਰੀ, (ਕੁਲਵੰਤ ਸਿੰਘ ਧੀਮਾਨ)-ਸੀ. ਬੀ. ਐਸ. ਈ. ਵਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜੇ 'ਚ ਸਥਾਨਕ ਲਕਸ਼ਮੀ ਤਾਰਾ ਰਾਠੌਰ ਪਬਲਿਕ ਸਕੂਲ ਸਿਆਲਬਾ-ਮਾਜਰੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਸਕੂਲ ਪਿ੍ੰ. ਨਿਵੇਦਿਤਾ ਸ਼ਰਮਾ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਦਸਵੀਂ ਜਮਾਤ ਦੇ ਐਲਾਨੇ ਗਏ ਨਤੀਜੇ 'ਚ ਸੁਖਮਨਪ੍ਰੀਤ ਕੌਰ ਨੇ 97 ਫ਼ੀਸਦੀ, ਨਵਜੀਤ ਕੌਰ ਨੇ 94 ਫ਼ੀਸਦੀ, ਸਹਿਜਪ੍ਰੀਤ ਕੌਰ ਨੇ 91 ਫ਼ੀਸਦੀ, ਤਮਨਪ੍ਰੀਤ ਕੌਰ ਨੇ 90.6 ਫ਼ੀਸਦੀ, ਸਹਿਜ ਗੁਪਤਾ ਨੇ 89.2 ਫ਼ੀਸਦੀ, ਸਮਰਦੀਪ ਸਿੰਘ ਨੇ 88 ਫ਼ੀਸਦੀ, ਪਵਨਦੀਪ ਕੌਰ ਨੇ 87.6 ਫ਼ੀਸਦੀ, ਪ੍ਰਨੀਤ ਕੌਰ ਨੇ 87 ਫ਼ੀਸਦੀ, ਕਰਨਪ੍ਰੀਤ ਸਿੰਘ ਨੇ 84 ਫ਼ੀਸਦੀ, ਮਹਿਕਪ੍ਰੀਤ ਕੌਰ ਨੇ 83 ਫ਼ੀਸਦੀ, ਮਹਿਕਪ੍ਰੀਤ ਕੌਰ ਨੇ 81.2 ਫ਼ੀਸਦੀ, ਹਰਲੀਨ ਕੌਰ ਨੇ 80.6 ਫ਼ੀਸਦੀ ਤੇ ਗੁਰਪ੍ਰੀਤ ਸਿੰਘ ਨੇ 80.6 ਫ਼ੀਸਦੀ ਅੰਤ ਹਾਸਿਲ ਕੀਤੇ ਹਨ | ਇਸ ਪ੍ਰਾਪਤੀ ਬਦਲੇ ਸਕੂਲ ਪਿ੍ੰ. ਨਿਵੇਦਿਤਾ ਸ਼ਰਮਾ ਨੇ ਜਿਥੇ ਸਮੁੱਚੇ ਸਟਾਫ਼ ਨੂੰ ਵਧਾਈ ਦਿੱਤੀ, ਉੱਥੇ ਹੀ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਵੀ ਕੀਤੀ |