ਚੰਡੀਗੜ੍ਹ, 18 ਅਪ੍ਰੈਲ (ਅਜੀਤ ਬਿਊਰੋ)-ਦੁਨੀਆ ਭਰ ਵਿਚ 19 ਅਪ੍ਰੈਲ ਨੂੰ 'ਸਾਲਿਡ ਹੈਬਿਟਸ, ਸਟਰਾਂਗ ਲਿਵਰ' ('ਸਿਹਤਮੰਦ ਆਦਤਾਂ, ਸਿਹਤਮੰਦ ਲਿਵਰ') ਦੇ ਥੀਮ 'ਤੇ ਮਨਾਏ ਜਾਣ ਵਾਲੇ ਵਿਸ਼ਵ ਲਿਵਰ ਦਿਵਸ ਦੇ ਮੌਕੇ, 'ਦ ਲੈਂਸੇਟ' ਦੀ ਇਕ ਚਿਤਾਵਨੀ ਨੇ ਲਿਵਰ ਬਿਮਾਰੀਆਂ ਵਿਚ ਤੇਜ਼ੀ ਨਾਲ ਹੋ ਰਹੇ ਵਿਸ਼ਵ ਪੱਧਰੀ ਵਾਧੇ ਨੂੰ ਉਜਾਗਰ ਕੀਤਾ ਹੈ | ਰਿਪੋਰਟ ਮੁਤਾਬਿਕ 'ਮੈਟਾਬੋਲਿਕ ਡਿਸਫੰਕਸ਼ਨ-ਅਸੋਸੀਏਟਿਡ ਸਟੀਏਟੋਟਿਕ ਲਿਵਰ ਡਿਜ਼ੀਜ਼'(ਐਮ.ਏ.ਐਸ.ਐਲ.ਡੀ) ਦੇ ਮਾਮਲਿਆਂ ਵਿਚ 2050 ਤੱਕ ਤੇਜ਼ ਵਾਧਾ ਹੋਣ ਦੀ ਸੰਭਾਵਨਾ ਹੈ | ਇਸ ਚਿੰਤਾਜਨਕ ਸਥਿਤੀ ਦੇ ਦਰਮਿਆਨ, ਪੰਜਾਬ ਇਸ ਚੁਣੌਤੀ ਦਾ ਡੱਟ ਕੇ ਸਾਹਮਣਾ ਕਰਨ ਲਈ ਅੱਗੇ ਵੱਧ ਰਿਹਾ ਹੈ | ਰਾਜ ਨੇ ਵਿਸਥਾਰਿਤ ਸਕ੍ਰੀਨਿੰਗ ਅਤੇ ਕੈਸ਼ਲੈੱਸ 'ਮੁੱਖ ਮੰਤਰੀ ਸਿਹਤ ਯੋਜਨਾ' ਰਾਹੀਂ ਆਪਣੀਆਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਕੀਤਾ ਹੈ, ਜਿਸ ਨਾਲ ਉਹ ਆਧੁਨਿਕ ਜੀਵਨ ਸ਼ੈਲੀ ਨਾਲ ਜੁੜੀ ਇਸ ਤੇਜ਼ੀ ਨਾਲ ਵਧ ਰਹੀ 'ਮੂਕ ਮਹਾਂਮਾਰੀ' ਖ਼ਿਲਾਫ਼ ਭਾਰਤ ਦੀ ਲੜਾਈ 'ਚ ਅਗੇਤਰੀ ਭੂਮਿਕਾ ਨਿਭਾਅ ਰਿਹਾ ਹੈ | ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲਿਆਰੀ ਸਾਇੰਸਜ਼ (ਪੀ. ਆਈ. ਐਲ. ਬੀ. ਐਸ.) ਦੇ ਡਾਇਰੈਕਟਰ ਡਾ. ਵੀਰੇਂਦਰ ਸਿੰਘ ਨੇ ਕਿਹਾ ਭਾਰਤ ਵਿਚ ਲੀਵਰ ਦੇ ਗੰਭੀਰ ਰੋਗਾਂ ਦੇ ਮੁੱਖ ਕਾਰਨਾਂ ਵਿਚ ਸ਼ਰਾਬ ਇਕ ਵੱਡਾ ਕਾਰਨ ਹੈ ਤੇ ਇਹ ਵਾਇਰਲ ਹੈਪੇਟਾਈਟਿਸ ਨਾਲ ਮਿਲ ਕੇ ਹਾਲਤ ਨੂੰ ਹੋਰ ਵੀ ਖ਼ਰਾਬ ਕਰ ਦਿੰਦੀ ਹੈ | ਸਿਹਤ ਸੇਵਾਵਾਂ ਬਾਰੇ ਉਨ੍ਹਾਂ ਨੇ ਦੱਸਿਆ, ਪੰਜਾਬ ਨੇ ਆਪਣੀ ਰੈਫਰਲ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਹੈ, ਜਿਸ ਨਾਲ ਲਿਵਰ ਬਿਮਾਰੀਆਂ ਦੀ ਪਹਿਲਾਂ ਨਾਲੋਂ ਜਲਦੀ ਪਛਾਣ ਹੋ ਰਹੀ ਹੈ | ਵਿੱਤੀ ਅਤੇ ਪਹੁੰਚ ਨਾਲ ਜੁੜੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ, ਰਾਜ ਨੇ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਕਵਰੇਜ ਦਾ ਵਿਸਥਾਰ ਕੀਤਾ ਹੈ, ਜੋ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿਚ ਪ੍ਰਤੀ ਪਰਿਵਾਰ ਪ੍ਰਤੀ ਸਾਲ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਪ੍ਰਦਾਨ ਕਰਦੀ ਹੈ | ਡਾ. ਸਿੰਘ ਦੱਸਦੇ ਹਨ ਕਿ ਮਰੀਜ਼ ਦੇ ਭਰਤੀ ਹੋਣ 'ਤੇ, ਜ਼ਿਆਦਾਤਰ ਟੈਸਟ ਤੇ ਦਵਾਈਆਂ ਇਸ ਯੋਜਨਾ ਦੇ ਅਧੀਨ ਕਵਰ ਹੁੰਦੀਆਂ ਹਨ | ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵੀ ਕਿਹਾ, ਇਹ ਯੋਜਨਾ ਜੇਬ ਤੋਂ ਹੋਣ ਵਾਲੇ ਖ਼ਰਚ ਨੂੰ ਘਟਾਉਂਦੀ ਹੈ, ਇਸਦੇ ਨਾਲ ਹੀ ਰੋਗ ਦੀ ਪਛਾਣ ਅਤੇ ਇਲਾਜ ਵਿਚ ਹੋਣ ਵਾਲੀ ਦੇਰੀ ਨੂੰ ਰੋਕਦੀ ਹੈ |