ਖਰੜ, 18 ਅਪ੍ਰੈਲ (ਜੰਡਪੁਰੀ)-ਜਨ ਹਿੱਤ ਵਿਕਾਸ ਮੰਚ ਖਰੜ ਦੇ 13 ਮੈਂਬਰੀ ਵਫ਼ਦ ਵਲੋਂ ਪ੍ਰਧਾਨ ਰਣਜੀਤ ਸਿੰਘ ਹੰਸ ਦੀ ਅਗਵਾਈ ਹੇਠ ਐਸ. ਡੀ. ਐਮ. ਗੁਰਮੀਤ ਸਿੰਘ ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਵਫ਼ਦ ਨੇ ਪਹਿਲੀ ਮਿਲਣੀ ਦੇ ਚਲਦਿਆਂ ਐਸ. ਡੀ. ਐਮ. ਦਾ ਭਰਵਾਂ ਸਵਾਗਤ ਕੀਤਾ | ਇਸ ਤੋਂ ਬਾਅਦ ਪ੍ਰਧਾਨ ਰਣਜੀਤ ਸਿੰਘ ਹੰਸ ਨੇ ਐਸ. ਡੀ. ਐਮ. ਗੁਰਮੀਤ ਸਿੰਘ ਨੂੰ ਮੰਗ ਪੱਤਰ ਸੌਂਪ ਕੇ ਖਰੜ ਸ਼ਹਿਰ ਵਿਚਲੀ ਟ੍ਰੈਫ਼ਿਕ ਦੀ ਗੰਭੀਰ ਸਮੱਸਿਆ ਤੇ ਪਾਰਕਿੰਗ ਦੀ ਸਮੱਸਿਆ ਨੂੰ ਹੱਲ ਕਰਵਾਉਣ, ਦੁਕਾਨਦਾਰਾਂ ਵਲੋਂ ਸੜਕਾਂ 'ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਦੂਰ ਕਰਵਾਉਣ, ਰੇਹੜੀਆਂ-ਫੜ੍ਹੀਆਂ ਲਈ ਵੈਂਡਿੰਗ ਜ਼ੋਨ ਬਣਾਉਣ, ਸਲਿੱਪ ਰੋਡਾਂ ਬਣਾਉਣ, ਸ਼ੋਰ ਪ੍ਰਦੂਸ਼ਣ ਬੰਦ ਕਰਵਾਉਣ, ਮੈਗਾ ਹਾਊਸਿੰਗ ਪ੍ਰਾਜੈਕਟ-142 ਏਕੜ ਸੈਕਟਰ-125 ਖਰੜ ਵਿਖੇ ਜਨਤਾ ਨਾਲ ਹੋ ਰਹੀ ਵਿਤਕਰੇਬਾਜ਼ੀ ਨੂੰ ਦੂਰ ਕਰਵਾਉਣ ਅਤੇ ਇਸ ਕਾਲੋਨੀ ਨੂੰ ਨਗਰ ਕੌਂਸਲ ਖਰੜ ਅਧੀਨ ਲੈ ਕੇ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ | ਇਸ ਵਫ਼ਦ 'ਚ ਬਿ੍ਜ ਮੋਹਨ ਸ਼ਰਮਾ ਜਨਰਲ ਸਕੱਤਰ, ਪਵਿੱਤਰ ਪਾਲ ਸਿੰਘ ਬਰਾੜ ਕਾਰਜਕਾਰੀ ਜਨਰਲ ਸਕੱਤਰ, ਸੇਵਾ ਸਿੰਘ, ਹਰਮੇਲ ਸਿੰਘ, ਮਾਸਟਰ ਅਜੈਬ ਸਿੰਘ, ਰਾਮਕਿ੍ਸ਼ਨ ਕਟਾਰੀਆ, ਮਨਜੀਤ ਸਿੰਘ ਸੰਧੂ, ਮਨਜੀਤ ਕੌਰ ਸੋਨੰੂ, ਪਲਵਿੰਦਰ ਕੌਰ ਚਾਹਲ, ਗੁਰਦੀਪ ਕੌਰ, ਸਤਵੰਤ ਸਿੰਘ ਤੇ ਜਸਵੀਰ ਸਿੰਘ ਆਦਿ ਸ਼ਾਮਿਲ ਸਨ | ਇਸ ਮੌਕੇ ਐਸ. ਡੀ. ਐਮ. ਨੇ ਵਫ਼ਦ ਨੂੰ 18 ਅਪ੍ਰੈਲ ਨੂੰ ਸੰਬੰਧਿਤ ਅਧਿਕਾਰੀਆਂ ਨੂੰ ਸੱਦ ਕੇ ਮੀਟਿੰਗ ਕਰਨ ਦਾ ਭਰੋਸਾ ਦਿੱਤਾ |