ਚੰਡੀਗੜ੍ਹ, 21 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) ਚੰਡੀਗੜ੍ਹ 'ਚ ਬੁਨਿਆਦੀ ਸੁਵਿਧਾਵਾਂ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਮੇਅਰ ਸੌਰਭ ਜੋਸ਼ੀ ਨੇ ਅੱਜ ਮੁੱਖ ਇੰਜੀਨੀਅਰ ਸੰਜੇ ਅਰੋੜਾ ਨੂੰ ਨਾਲ ਲੈ ਸੈਕਟਰ-7, ਸੈਕਟਰ-26 ਅਤੇ ਰਾਇਪੁਰ ਖੁਰਦ ਸਥਿਤ ਐਸ.ਟੀ.ਪੀ ਦਾ ਮੁਆਇਨਾ ਕੀਤਾ | ਇਸ ਦੌਰਾਨ ਉਨ੍ਹਾਂ ਨੇ ਸੜਕਾਂ, ਪਾਰਕਿੰਗ, ਸਫਾਈ ਅਤੇ ਸੀਵਰੇਜ ਸਮੱਸਿਆਵਾਂ ਦਾ ਜਾਇਜ਼ਾ ਲੈਂਦਿਆਂ ਸੰਬੰਧਿਤ ਅਧਿਕਾਰੀਆਂ ਨੂੰ ਤੁਰੰਤ ਹੱਲ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ | ਮੇਅਰ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਸੈਕਟਰ-7 ਅਤੇ ਸੈਕਟਰ-26 ਦੇ ਮਾਰਕੀਟ 'ਚ ਸੜਕਾਂ ਦੀ ਮੁਰੰਮਤ ਅਤੇ ਟੋਇਆਂ ਨੂੰ ਭਰਨ ਨੂੰ ਪਹਿਲ ਦਿੱਤੀ ਜਾਵੇ, ਖ਼ਾਸ ਕਰਕੇ ਸੈਕਟਰ-26 ਡੀ ਵਿਚ ਐਸ.ਸੀ.ਓਜ਼ ਦੇ ਪਿੱਛਲੇ ਹਿੱਸੇ 'ਚ ਸੜਕਾਂ ਦੀ ਮਾੜੀ ਹਾਲਤ ਨੂੰ ਸੁਧਾਰਨ ਲਈ ਤੁਰੰਤ ਕੰਮ ਸ਼ੁਰੂ ਕਰਨ ਲਈ ਕਿਹਾ ਗਿਆ | ਪਾਰਕਿੰਗ ਪ੍ਰਬੰਧ ਸੁਚਾਰੂ ਬਣਾਉਣ ਲਈ ਦਾਖਲੇ ਅਤੇ ਨਿਕਾਸੀ ਬਿੰਦੂਆਂ ਦੀ ਸਹੀ ਵਿਵਸਥਾ ਕਰਨ, ਪਾਰਕਿੰਗ ਅਟੈਂਡੈਂਟਾਂ ਦੀ ਤਾਇਨਾਤੀ ਵਧਾਉਣ ਅਤੇ ਟ੍ਰੈਫਿਕ ਯੋਜਨਾ ਦੀ ਸਮੀਖਿਆ ਕਰਨ ਦੇ ਹੁਕਮ ਦਿੱਤੇ ਗਏ ਹਨ ਤਾਂ ਜੋ ਭੀੜਭਾੜ ਵਾਲੇ ਮਾਰਕੀਟ ਇਲਾਕਿਆਂ 'ਚ ਆਵਾਜਾਈ ਸੁਗਮ ਰਹੇ | ਇਸ ਦੇ ਨਾਲ ਹੀ ਸੈਕਟਰ-7 'ਚ ਸਿਪ ਐਂਡ ਡਾਈਨ ਸਾਈਟ ਤੋਂ ਸਰਵਿਸ ਰੋਡ ਖੋਲ੍ਹਣ ਦੀ ਸੰਭਾਵਨਾ ਦੀ ਜਾਂਚ ਵੀ ਕੀਤੀ ਜਾ ਰਹੀ ਹੈ | ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ ਮਾਰਕੀਟਾਂ ਦੀ ਸੁੰਦਰਤਾ ਵਧਾਉਣ ਲਈ ਸੈਂਟਰ ਵਰਜਾਂ ਦਾ ਵਿਕਾਸ, ਬੂਟੇ ਲਗਾਉਣ ਅਤੇ ਲੈਂਡ ਸਕੇਪਿੰਗ ਵਰਗੇ ਕੰਮ ਵੀ ਕੀਤੇ ਜਾਣਗੇ | ਸੈਕਟਰ-7 ਅਤੇ ਸੈਕਟਰ-26 ਦੇ ਪਾਰਕਿੰਗ ਇਲਾਕਿਆਂ ਵਿਚ ਪਾਣੀ ਸਪਲਾਈ ਅਤੇ ਸਟਾਰਮ ਵਾਟਰ ਪਾਈਪਲਾਈਨ ਨਾਲ ਸੰਬੰਧਿਤ ਕੰਮਾਂ ਨੂੰ ਤਰਜੀਹ ਦੇ ਆਧਾਰ 'ਤੇ ਪੂਰਾ ਕਰਨ ਲਈ ਵੀ ਨਿਰਦੇਸ਼ ਦਿੱਤੇ ਗਏ ਹਨ | ਰਾਇਪੁਰ ਖੁਰਦ ਐਸ.ਟੀ.ਪੀ ਦੇ ਦੌਰੇ ਦੌਰਾਨ ਮੇਅਰ ਨੇ ਇਲਾਕਾ ਕੌਂਸਲਰ ਹਰਜੀਤ ਸਿੰਘ ਦੇ ਨਾਲ ਵਿਕਾਸ ਅਤੇ ਰਖ-ਰਖਾਅ ਦੇ ਕੰਮਾਂ ਦਾ ਜਾਇਜ਼ਾ ਲਿਆ |