ਡੇਰਾਬੱਸੀ, 22 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਮੁਬਾਰਕਪੁਰ ਮੀਰਪੁਰ ਵਿਖੇ ਇਕ ਨੌਜਵਾਨ ਵਿਆਹੁਤਾ ਲੜਕੀ ਪੂਜਾ (22) ਦੀ ਸ਼ੱਕੀ ਹਾਲਾਤ 'ਚ ਹੋਈ ਮੌਤ ਦੇ ਮਾਮਲੇ 'ਚ ਪੁਲਿਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ | ਮਿ੍ਤਕਾ ਦੇ ਪਿਤਾ ਪ੍ਰੇਮ ਚੰਦ ਵਾਸੀ ਲਖੀਮਪੁਰ ਖੀਰੀ (ਉੱਤਰ ਪ੍ਰਦੇਸ਼) ਨੇ ਪਿੰਡ ਦੇ ਸਰਪੰਚ ਦੀ ਹਾਜ਼ਰੀ 'ਚ ਪੁਲਿਸ ਨੂੰ ਬਿਆਨ ਦਰਜ ਕਰਵਾਉਂਦਿਆਂ ਦੋਸ਼ ਲਗਾਇਆ ਕਿ ਉਸਦੀ ਲੜਕੀ ਨੂੰ ਉਸਦਾ ਪਤੀ ਸੰਜੀਤ ਅਕਸਰ ਤੰਗ-ਪ੍ਰੇਸ਼ਾਨ ਕਰਦਾ ਸੀ, ਜਿਸ ਕਾਰਨ ਉਨ੍ਹਾਂ ਵਿਚਕਾਰ ਹਮੇਸ਼ਾ ਲੜਾਈ-ਝਗੜਾ ਰਹਿੰਦਾ ਸੀ | ਪਿਤਾ ਅਨੁਸਾਰ ਪਹਿਲਾਂ ਵੀ ਕਈ ਵਾਰ ਪੰਚਾਇਤ ਰਾਹੀਂ ਉਨ੍ਹਾਂ ਦਾ ਰਾਜ਼ੀਨਾਮਾ ਹੋ ਚੁੱਕਾ ਸੀ | ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ, ਜਿਸ ਨੂੰ ਪਰਿਵਾਰ ਅੰਤਿਮ ਸੰਸਕਾਰ ਲਈ ਆਪਣੇ ਜੱਦੀ ਪਿੰਡ ਲਖੀਮਪੁਰ ਖੀਰੀ ਲੈ ਗਿਆ ਹੈ | ਦੂਜੇ ਪਾਸੇ ਮਿ੍ਤਕਾ ਦੇ ਪਤੀ ਸੰਜੀਤ ਨੇ ਆਪਣੇ ਪੱਖ 'ਚ ਕਿਹਾ ਕਿ ਪੂਜਾ ਅਕਸਰ ਫੋਨ 'ਤੇ ਕਿਸੇ ਨਾਲ ਚੈਟ ਕਰਦੀ ਰਹਿੰਦੀ ਸੀ | ਉਸ ਨੇ ਦਾਅਵਾ ਕੀਤਾ ਕਿ ਉਸ ਨੇ ਗੁਆਂਢੀਆਂ ਦੀ ਮਦਦ ਨਾਲ ਪੂਜਾ ਦੀ ਲਾਸ਼ ਨੂੰ ਸਾੜੀ ਦੇ ਫੰਦੇ ਤੋਂ ਉਤਾਰ ਕੇ ਹਸਪਤਾਲ ਪਹੁੰਚਾਇਆ ਸੀ ਅਤੇ ਉਸ ਦਾ ਪਰਿਵਾਰ ਉਸ ਨੂੰ ਬੇਵਜ੍ਹਾ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ | ਸੰਜੀਤ ਨੇ ਪੂਜਾ ਦਾ ਮੋਬਾਈਲ ਫੋਨ ਵੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ | ਉਕਤ ਮਾਮਲੇ ਦੇ ਤਫਤੀਸ਼ੀ ਅਫਸਰ ਏ. ਐਸ. ਆਈ. ਧਰਮਪਾਲ ਨੇ ਦੱਸਿਆ ਕਿ ਪੁਲਿਸ ਨੇ ਫਿਲਹਾਲ ਬੀ. ਐਨ. ਐਸ. ਦੀ ਧਾਰਾ 194 ਤਹਿਤ ਮਾਮਲਾ ਦਰਜ ਕਰ ਲਿਆ ਹੈ | ਉਨ੍ਹਾਂ ਕਿਹਾ ਕਿ ਜ਼ਬਤ ਕੀਤੇ ਗਏ ਫੋਨ ਦੀ ਜਾਂਚ ਕਰਵਾਈ ਜਾਵੇਗੀ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ |