ਡੇਰਾਬੱਸੀ, 22 ਅਪ੍ਰੈਲ (ਗੁਰਮੀਤ ਸਿੰਘ)-ਡੇਰਾਬੱਸੀ ਨਗਰ ਕੌਂਸਲ ਵਲੋਂ ਸਰਕਾਰੀ ਪੈਸੇ ਦੀ ਖੁੱਲ੍ਹ ਕੇ ਬਰਬਾਦੀ ਕੀਤੀ ਜਾ ਰਹੀ ਹੈ, ਜਿਸ ਕਾਰਨ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਦੀ ਜਿਊਾਦੀ-ਜਾਗਦੀ ਮਿਸਾਲ ਨਗਰ ਕੌਂਸਲ ਅਧੀਨ ਪੈਂਦੀ ਸਰਸਵਤੀ ਵਿਹਾਰ ਦੀ ਸਰਕਾਰੀ ਪਾਰਕ ਦੀ ਹਾਲਤ ਨੂੰ ਦੇਖਣ ਤੋਂ ਸਹਿਜੇ ਹੀ ਮਿਲ ਜਾਂਦੀ ਹੈ | ਨਗਰ ਕੌਂਸਲ ਦੀ ਅਣਗਹਿਲੀ ਕਾਰਨ ਇਸ ਪਾਰਕ 'ਚ ਲੱਗੇ ਦਰਜਨਾਂ ਝੂਲੇ ਅਤੇ ਓਪਨ ਜਿੰਮ ਦੀਆਂ ਮਸ਼ੀਨਾਂ ਕਬਾੜ ਦਾ ਰੂਪ ਧਾਰਨ ਕਰ ਚੁੱਕੀਆਂ ਹਨ, ਜਦਕਿ ਇਸੇ ਵਾਰਡ 'ਚ ਹੀ ਨਵਾਂ ਪਾਰਕ ਬਣਾ ਕੇ ਨਗਰ ਕੌਂਸਲ ਆਪਣੇ ਆਪ ਨੂੰ 'ਵਿਕਾਸ ਦੇ ਮੁਖੀ' ਵਜੋਂ ਪੇਸ਼ ਕਰ ਰਹੀ ਹੈ | ਇਸ ਤਰ੍ਹਾਂ ਨਗਰ ਕੌਂਸਲ ਪਹਿਲਾਂ ਸਰਕਾਰੀ ਫ਼ੰਡਾਂ ਨਾਲ ਵਿਕਸਿਤ ਕੀਤੇ ਗਏ ਪਾਰਕ ਦੀ ਠੀਕ ਢੰਗ ਨਾਲ ਦੇਖ-ਰੇਖ ਨਹੀਂ ਕਰ ਰਹੀ, ਜੋ ਕਿ ਬਹੁਤ ਵੱਡੀ ਕੁਤਾਹੀ ਹੈ | ਅਸਲ 'ਚ ਇਹ ਵਾਰਡ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਰੈੱਡੀ ਅਧੀਨ ਆਉਂਦਾ ਸੀ | ਉਨ੍ਹਾਂ ਖ਼ਿਲਾਫ਼ ਇਕ ਮਾਮਲਾ ਦਰਜ ਹੋਣ 'ਤੇ ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਕੌਂਸਲ ਪ੍ਰਧਾਨ ਦੀ ਕੁਰਸੀ ਛੱਡਣੀ ਪਈ ਸੀ | ਇਸ ਤੋਂ ਬਾਅਦ ਉਹ ਰਾਜਨੀਤੀ ਤੋਂ ਕਿਨਾਰਾ ਕਰਕੇ ਸਿਰਫ਼ ਇਕ ਕੌਂਸਲਰ ਬਣ ਕੇ ਰਹਿ ਗਏ ਸਨ | ਇਸ ਵਾਰਡ 'ਚ ਪਹਿਲਾਂ ਬਣੇ ਪਾਰਕ ਨਾਲ ਨਵੇਂ ਕੌਂਸਲ ਪ੍ਰਧਾਨ ਸਮੇਤ ਕੌਂਸਲ ਅਧਿਕਾਰੀਆਂ ਵਲੋਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ | ਪਾਰਕ 'ਚ ਪਏ ਟੁੱਟੇ ਝੂਲੇ ਅਤੇ ਟੁੱਟੀਆਂ ਓਪਨ ਜਿੰਮ ਵਾਲੀਆਂ ਮਸ਼ੀਨਾਂ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਕੁਤਾਹੀ ਨੂੰ ਬਿਆਨ ਕਰ ਰਹੀਆਂ ਹਨ | ਵਾਰਡ ਵਾਸੀਆਂ ਦਾ ਕਹਿਣਾ ਹੈ ਕਿ ਵੋਟਾਂ ਦੀ ਰਾਜਨੀਤੀ ਦੇ ਚਲਦਿਆਂ ਨਵਾਂ ਪਾਰਕ ਬਣਾ ਕੇ ਨਗਰ ਕੌਂਸਲ ਦੇ ਅਧਿਕਾਰੀ ਸਿਰਫ਼ ਵੋਟ ਬੈਂਕ ਮਜ਼ਬੂਤ ਕਰਨ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ | ਵਾਰਡ ਵਾਸੀਆਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਕਰਵਾਈ ਜਾਵੇ |