ਮਾਜਰੀ, 27 ਅਪ੍ਰੈਲ (ਕੁਲਵੰਤ ਸਿੰਘ ਧੀਮਾਨ)-ਪੁਲਿਸ ਥਾਣਾ ਬਲਾਕ ਮਾਜਰੀ ਅਧੀਨ ਪੈਂਦੇ ਪਿੰਡਾਂ ਤੇ ਕਸਬਿਆਂ ਵਿਚ ਚੋਰੀ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਬੀਤੀ ਰਾਤ ਪਿੰਡ ਖਿਜ਼ਰਾਬਾਦ ਦੇ ਗੁਰਦੁਆਰਾ ਦਮਦਮਾ ਸਾਹਿਬ ਨੇੜੇ ਰਹਿੰਦੇ ਅਮਰੀਕ ਸਿੰਘ ਦੇ ਘਰ ਦੀ ਦੀਵਾਰ ਟੱਪ ਕੇ ਅਣਪਛਾਤੇ ਵਿਅਕਤੀ ਅੰਦਰ ਖੜ੍ਹੀ ਐਕਟਿਵਾ ਚੋਰੀ ਕਰਕੇ ਲੈ ਗਏ | ਐਕਟਿਵਾ ਗਾਇਬ ਹੋਣ ਤੋਂ ਬਾਅਦ ਜਦੋਂ ਅਮਰੀਕ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਨੇੜਲੇ ਘਰਾਂ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਤਾਂ ਚੋਰਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ | ਇਸ ਤਰ੍ਹਾਂ ਬੀਤੇ ਦਿਨੀਂ ਪਿੰਡ ਨਗਲੀਆਂ ਵਿਖੇ ਸਵੇਰੇ ਲਗਭਗ 10 ਵਜੇ ਇਕ ਬਜ਼ੁਰਗ ਔਰਤ ਆਪਣੇ ਘਰ ਅੱਗੇ ਖੜ੍ਹੇ ਬੂਟਿਆਂ ਨੂੰ ਪਾਣੀ ਲਗਾ ਰਹੀ ਸੀ ਅਤੇ ਤਾਂ ਇਕ ਅਣਪਛਾਤਾ ਮੋਟਰਸਾਈਕਲ ਸਵਾਰ ਨੌਜਵਾਨ ਉਸ ਦੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟ ਕੇ ਫ਼ਰਾਰ ਹੋ ਗਿਆ | ਇਸ ਘਟਨਾ ਸੰਬੰਧੀ ਪਰਿਵਾਰਕ ਮੈਂਬਰਾਂ ਵਲੋਂ ਪੁਲਿਸ ਨੂੰ ਸੂਚਿਤ ਕੀਤੀ ਗਿਆ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਚੈੱਕ ਕਰਨ ਉਪਰੰਤ ਅਗਲੇਰੀ ਸ਼ੁਰੂ ਕਰ ਦਿੱਤੀ | ਖ਼ਬਰ ਲਿਖੇ ਜਾਣ ਤੱਕ ਪੁਲਿਸ ਦੇ ਹੱਥ ਕੋਈ ਸੁਰਾਗ ਨਹੀਂ ਸੀ ਲੱਗਿਆ | ਪਿੰਡ ਨਗਲੀਆਂ ਦੇ ਵਸਨੀਕ ਰਣਜੀਤ ਸਿੰਘ ਨੇ ਦੱਸਿਆ ਕਿ ਖੇਤਰ ਦੇ ਪਿੰਡਾਂ ਤੇ ਕਸਬਿਆਂ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਦਿਨ-ਦਿਹਾੜੇ ਹੀ ਅੰਜਾਮ ਦਿੱਤਾ ਜਾ ਰਿਹਾ ਹੈ, ਜਿਸ ਕਰਕੇ ਪਿੰਡ ਦੇ ਵਸਨੀਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਖੇਤਰ 'ਚ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾਵੇ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਡੱਕਿਆ ਜਾਵੇ |