ਨਿਗਮ ਕਮਿਸ਼ਨਰ ਵਲੋਂ ਤੁਰੰਤ ਕਾਰਵਾਈ ਦੇ ਹੁਕਮ
ਚੰਡੀਗੜ੍ਹ, 5 ਮਈ (ਸੰਦੀਪ ਕੁਮਾਰ ਮਾਹਨਾ) ਚੰਡੀਗੜ੍ਹ ਦੇ ਬਹੁਚਰਚਿਤ ਡੱਡੂ ਮਾਜਰਾ ਡੰਪਿੰਗ ਗਰਾਊਾਡ 'ਤੇ ਕੂੜੇ ਦੇ ਨਿਪਟਾਰੇ 'ਚ ਹੋ ਰਹੀ ਦੇਰੀ ਨੂੰ ਲੈ ਕੇ ਨਿਗਮ ਨੇ ਸਖ਼ਤ ਰੁਖ ਅਪਣਾਇਆ ਹੈ | ਕਮਿਸ਼ਨਰ ਅਮਿਤ ਕੁਮਾਰ ਨੇ ਮੌਕੇ ਦਾ ਨਿਰੀਖਣ ਕਰਕੇ ਲੈਗਸੀ ਵੇਸਟ ਦੀ ਤੁਰੰਤ ਸਫ਼ਾਈ ਅਤੇ ਬਾਇਓ-ਮਾਈਨਿੰਗ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਹੁਕਮ ਜਾਰੀ ਕੀਤੇ ਹਨ | ਕਮਿਸ਼ਨਰ ਨੇ ਚੀਫ਼ ਇੰਜੀਨੀਅਰ ਸੰਜੇ ਅਰੋੜਾ, ਓਆਈ/ਐਸਡਬਲਿਊਐਮ ਅਤੇ ਹੋਰ ਸੰਬੰਧਤ ਅਧਿਕਾਰੀਆਂ ਨਾਲ ਮਿਲ ਕੇ ਸਾਈਟ 'ਤੇ ਚੱਲ ਰਹੇ ਕੰਮਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ | ਉਨ੍ਹਾਂ ਪ੍ਰੋਸੈਸਿੰਗ ਦੀ ਗਤੀ ਅਤੇ ਪ੍ਰਭਾਵਸ਼ੀਲਤਾ ਦਾ ਅੰਕਲਨ ਕਰਦਿਆਂ ਸਟਾਫ ਨਾਲ ਵੀ ਗੱਲਬਾਤ ਕੀਤੀ | ਨੇੜਲੇ ਇਲਾਕਿਆਂ ਦੇ ਵਸਨੀਕਾਂ 'ਤੇ ਪੈ ਰਹੇ ਵਾਤਾਵਰਣਕ ਅਸਰਾਂ 'ਤੇ ਗੰਭੀਰ ਚਿੰਤਾ ਜਤਾਉਂਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਹੁਣ ਕਿਸੇ ਵੀ ਤਰਾਂ ਦੀ ਲਾਪਰਵਾਹੀ ਜਾਂ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ |
ਕਮਿਸ਼ਨਰ ਅਮਿਤ ਕੁਮਾਰ ਨੇ ਇੰਜੀਨੀਅਰਿੰਗ ਵਿੰਗ ਨੂੰ ਮਿਸ਼ਨ ਮੋਡ ਵਿਚ ਕੰਮ ਕਰਨ, 24 ਘੰਟੇ ਓਪਰੇਸ਼ਨ ਜਾਰੀ ਰੱਖਣ, ਵਧੀਕ ਮਸ਼ੀਨਰੀ ਦੀ ਤਾਇਨਾਤੀ ਅਤੇ ਮਨੁੱਖੀ ਸਰੋਤਾਂ ਦੀ ਪੂਰੀ ਵਰਤੋਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ | ਨਾਲ ਹੀ ਓਆਈ/ ਐਸਡਬਲਿਊਐਮ ਨੂੰ ਦਿਨ-ਪ੍ਰਤੀਦਿਨ ਪ੍ਰਗਤੀ ਦੀ ਨਿਗਰਾਨੀ ਕਰਨ, ਨਿਯਮਿਤ ਰਿਪੋਰਟਿੰਗ ਕਰਨ ਅਤੇ ਵਿਗਿਆਨਕ ਤੇ ਵਾਤਾਵਰਨ ਅਨੁਕੂਲ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ | ਇਸ ਦੌਰਾਨ ਡਰਾਈ ਵੇਸਟ ਪ੍ਰੋਸੈਸਿੰਗ ਪਲਾਂਟ ਦੀ ਜਾਂਚ ਵਿਚ ਕਈ ਗੰਭੀਰ ਖਾਮੀਆਂ ਸਾਹਮਣੇ ਆਈਆਂ | ਵੇਅਬਿ੍ਜ ਦੇ ਰਿਕਾਰਡ ਮਨਜ਼ੂਰਸ਼ੁਦਾ ਨਿਯਮਾਂ ਅਨੁਸਾਰ ਸੰਭਾਲੇ ਨਾ ਜਾਣ ਕਾਰਨ ਆਉਣ ਵਾਲੇ ਕਚਰੇ ਦੀ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ 'ਤੇ ਸਵਾਲ ਖੜੇ ਹੋਏ ਹਨ | ਇਸ ਤੋਂ ਇਲਾਵਾ ਕਪੜੇ ਅਤੇ ਹੋਰ ਸੁੱਕੇ ਕਚਰੇ ਦਾ ਵੱਡਾ ਜਥਾ ਇਕੱਠਾ ਹੋਣਾ ਪ੍ਰੋਸੈਸਿੰਗ ਦੀ ਮੰਦ ਗਤੀ ਨੂੰ ਦਰਸਾਉਂਦਾ ਹੈ | ਰਿਫ਼ਿਊਜ਼ ਡਿਰਾਈਵਡ ਫ਼ਿਊਲ (ਆਰਡੀਐਫ਼) ਦੀ ਟੈਸਟਿੰਗ ਅਤੇ ਮਟੀਰੀਅਲ ਨਾਲ ਸੰਬੰਧਿਤ ਰਿਕਾਰਡ ਵੀ ਅਧੂਰੇ ਪਾਏ ਗਏ, ਜੋ ਨਿਯਮਾਂ ਦੀ ਉਲੰਘਣਾ ਹੈ | ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਾਰਜਕਾਰੀ ਇੰਜੀਨੀਅਰ (ਐਸਡਬਲਿਊਐਮ) ਨੂੰ ਠੇਕੇ ਦੀਆਂ ਸ਼ਰਤਾਂ ਦੀ ਸਖ਼ਤ ਪਾਲਣਾ ਯਕੀਨੀ ਬਣਾਉਣ ਅਤੇ ਸੰਬੰਧਤ ਏਜੰਸੀ ਖ਼ਿਲਾਫ਼ ਯੋਗ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ |
ਡੱਡੂ ਮਾਜਰਾ ਡੰਪਿੰਗ ਗਰਾਊਾਡ 'ਤੇ ਲਾਪਰਵਾਹੀਆਂ ਬੇਨਕਾਬ
ਅਜੀਤ ਡੈਸਕ
06-05-2026