ਚੰਡੀਗੜ੍ਹ, 5 ਮਈ (ਮਾਰਕੰਡਾ)- ਪੀ.ਜੀ.ਆਈ ਚੰਡੀਗੜ੍ਹ ਨੇ ਅੱਜ ਦੂਜਾ ਸਾਲਾਨਾ 'ਸਾਰਥੀ ਦਿਵਸ' ਮਨਾਇਆ ਗਿਆ | ਜਿਸ ਵਿਚ ਸਾਰਥੀ (ਸਿਹਤ ਸੰਸਥਾਵਾਂ ਨੂੰ ਬਦਲਣ ਲਈ ਜ਼ਿੰਮੇਵਾਰ ਕਾਰਵਾਈ ਲਈ ਵਿਦਿਆਰਥੀ ਗਠਜੋੜ) ਦੇ ਦੋ ਪ੍ਰਭਾਵਸ਼ਾਲੀ ਸਾਲਾਂ ਦੀ ਯਾਦ ਵਿਚ ਮਨਾਇਆ ਗਿਆ | ਇਹ ਇੱਕ ਮੋਹਰੀ ਸਵੈ-ਸੇਵਕ-ਅਗਵਾਈ ਵਾਲੀ ਪਹਿਲ ਹੈ ਜਿਸ ਦਾ ਉਦੇਸ਼ ਸੰਸਥਾ ਵਿਚ ਮਰੀਜ਼ਾਂ ਦੀ ਦੇਖਭਾਲ ਅਤੇ ਪਹੁੰਚਯੋਗਤਾ ਨੂੰ ਬਦਲਣਾ ਹੈ | ਇਸ ਸਮਾਗਮ ਵਿਚ ਚੰਡੀਗੜ੍ਹ ਪ੍ਰਸ਼ਾਸਨ ਦੇ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ ਆਈ.ਏ.ਐਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਜਦੋਂ ਕਿ ਪ੍ਰੇਰਨਾ ਪੁਰੀ ਆਈ.ਏ.ਐਸ ਸਕੱਤਰ ਸਿੱਖਿਆ ਚੰਡੀਗੜ੍ਹ ਪ੍ਰਸ਼ਾਸਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਮੌਕੇ 'ਤੇ ਪੀ.ਜੀ.ਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ, ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਪੰਕਜ ਰਾਏ ਆਈ.ਏ.ਐਸ, ਡੀਨ (ਖੋਜ) ਮੈਡੀਕਲ ਸੁਪਰਡੈਂਟ ਪ੍ਰੋ. ਸੰਜੇ ਜੈਨ, ਪੀ.ਜੀ.ਆਈ ਦੇ ਮੈਡੀਕਲ ਸੁਪਰਡੈਂਟ ਪ੍ਰੋ. ਅਸ਼ੋਕ ਕੁਮਾਰ ਸਮੇਤ ਭਾਗ ਲੈਣ ਵਾਲੇ ਕਾਲਜਾਂ ਅਤੇ ਸਕੂਲਾਂ ਦੇ ਪਿ੍ੰਸੀਪਲ ਅਤੇ ਐਨ.ਐਸ.ਐਸ ਕੋਆਰਡੀਨੇਟਰ ਵੀ ਮੌਜੂਦ ਸਨ | ਪ੍ਰੋਗਰਾਮ ਵਿਚ ਪ੍ਰੋਜੈਕਟ ਸਾਰਥੀ ਦਾ ਇੱਕ ਵਿਆਪਕ ਸੰਖੇਪ ਜਾਣਕਾਰੀ ਪੇਸ਼ ਕੀਤੀ ਗਈ | ਇਸ ਤੋਂ ਬਾਅਦ 25 ਸਹਿਭਾਗੀ ਵਿਦਿਅਕ ਸੰਸਥਾਵਾਂ ਨੂੰ, ਜਿਸ ਵਿਚ ਪਿ੍ੰਸੀਪਲਾਂ, ਨੋਡਲ ਐਨ.ਐਸ.ਐਸ ਅਧਿਕਾਰੀਆਂ ਅਤੇ ਸਮਰਪਿਤ ਸਾਰਥੀ ਵਲੰਟੀਅਰਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਬਦਲੇ ਸਨਮਾਨਿਤ ਕੀਤਾ ਗਿਆ | ਆਪਣੇ ਸੰਬੋਧਨ ਦੌਰਾਨ ਮੁੱਖ ਮਹਿਮਾਨ ਐੱਚ. ਰਾਜੇਸ਼ ਪ੍ਰਸਾਦ ਆਈ.ਏ.ਐਸ ਨੇ ਸਾਰਥੀ ਪ੍ਰੋਗਰਾਮ ਦੀ ਮਰੀਜ਼ਾ ਪ੍ਰਤੀ ਹਮਦਰਦੀ, ਸਮਾਜਿਕ ਜ਼ਿੰਮੇਵਾਰੀ ਅਤੇ ਅਨੁਭਵੀ ਸਿੱਖਿਆ ਦਾ ਇੱਕ ਸ਼ਕਤੀਸ਼ਾਲੀ ਸੁਮੇਲ ਵਜੋਂ ਸ਼ਲਾਘਾ ਕੀਤੀ | ਵੱਡੇ ਹਸਪਤਾਲਾਂ ਦੇ ਗੁੰਝਲਦਾਰ ਗਲਿਆਰਿਆਂ ਵਿਚ ਸਹੀ ਰੱਸਤੇ ਤੇ ਭੇਜਣਾ ਹੀ ਮਰੀਜ਼ਾ ਲਈ ਸੁਵਿਧਾਜਨਕ ਚੀਜ਼ ਹੈ | ਅਜਿਹੀਆਂ ਸਥਿਤੀਆਂ ਵਿਚ ਇਹ ਨੌਜਵਾਨ ਵਲੰਟੀਅਰ ਸੱਚੇ 'ਸਾਰਥੀ' ਬਣ ਕੇ ਉੱਭਰਦੇ ਹਨ | ਜੋ ਮਰੀਜ਼ਾਂ ਨੂੰ ਮਾਣ ਅਤੇ ਦੇਖਭਾਲ ਨਾਲ ਮਾਰਗਦਰਸ਼ਨ ਕਰਦੇ ਹਨ | ਮੁੱਖ ਸਕੱਤਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਜਿਹੀ ਸੇਵਾ ਰਾਹੀਂ ਪ੍ਰਾਪਤ ਕੀਤੀਆਂ ਕਦਰਾਂ-ਕੀਮਤਾਂ ਅਤੇ ਸਿੱਖਿਆਵਾਂ ਵਲੰਟੀਅਰਾਂ ਦੇ ਜੀਵਨ ਭਰ ਉਨ੍ਹਾਂ ਦੇ ਨਾਲ ਰਹਿੰਦੀਆਂ ਹਨ | ਪੀ.ਜੀ.ਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਕਿਹਾ ਕਿ ਸਾਰਥੀ ਮਰੀਜ਼ਾਂ ਨੂੰ ਗੈਰ-ਕਲੀਨਿਕਲ ਪ੍ਰਕਿਰਿਆਵਾਂ ਜਿਵੇਂ ਕਿ ਰਜਿਸਟਰੇਸ਼ਨ, ਨੈਵੀਗੇਸ਼ਨ, ਸੇਵਾ ਬਿੰਦੂਆਂ ਵਿਚ ਆਵਾਜਾਈ ਅਤੇ ਬਜ਼ੁਰਗਾਂ ਤੇ ਕਮਜ਼ੋਰ ਵਿਅਕਤੀਆਂ ਦੀ ਸਹਾਇਤਾ ਵਿਚ ਸਹਾਇਕ ਦੀ ਤੌਰ ਤੇ ਉਭਰੇ ਹਨ |