ਪੰਚਕੂਲਾ, 5 ਮਈ (ਕਪਿਲ)-ਪੰਚਕੂਲਾ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਸ਼ਾਂਤਮਈ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਪੰਚਕੂਲਾ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ | ਇਸੇ ਦੌਰਾਨ ਕ੍ਰਾਈਮ ਬ੍ਰਾਂਚ ਸੈਕਟਰ-26 ਦੀ ਟੀਮ ਨੇ ਇਕ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਅੰਤਰਰਾਜੀ ਹਥਿਆਰ ਤਸਕਰ ਗਰੋਹ ਦੇ ਇਕ ਮੈਂਬਰ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸੰਬੰਧੀ ਡੀ. ਸੀ. ਪੀ. ਕ੍ਰਾਈਮ ਐਂਡ ਟ੍ਰੈਫਿਕ ਅਮਰਿੰਦਰ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਦਲੀਪ ਸਿੰਘ ਦੀ ਅਗਵਾਈ ਹੇਠ ਬੀਤੀ 2 ਮਈ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਆਏ ਇਕ ਸ਼ਾਤਿਰ ਤਸਕਰ ਨੂੰ ਕਾਬੂ ਕੀਤਾ ਗਿਆ, ਜਿਸਦੀ ਪਛਾਣ ਅਜੈ ਸ਼ਰਮਾ ਉਰਫ ਟੀਨੂ (21) ਨਿਵਾਸੀ ਦੇਵਬੰਦ ਸਹਾਰਨਪੁਰ ਵਜੋਂ ਹੋਈ ਹੈ | ਉਸਦੇ ਕੋਲੋਂ ਵੱਡੀ ਮਾਤਰਾ ਵਿਚ ਨਾਜਾਇਜ਼ ਹਥਿਆਰ ਬਰਾਮਦ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਬੀਤੀ 2 ਮਈ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਰਾਏਪੁਰ ਰਾਣੀ ਇਲਾਕੇ ਵਿਚ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਉਨ੍ਹਾਂ ਸੂਚਨਾ ਮਿਲੀ ਕਿ ਇਕ ਨੌਜਵਾਨ ਪਿੰਡ ਬਾਗਵਾਲਾ ਵਾਲੀ ਸੜਕ 'ਤੇ ਹਥਿਆਰਾਂ ਦੀ ਸਪਲਾਈ ਦੇਣ ਲਈ ਖੜ੍ਹਾ ਹੈ | ਇਸ ਸੂਚਨਾ 'ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਕਾਬੂ ਕਰ ਲਿਆ ਅਤੇ ਮੌਕੇ 'ਤੇ ਤਲਾਸ਼ੀ ਦੌਰਾਨ ਉਸਦੇ ਪਿੱਠੂ ਬੈਗ 'ਚੋਂ 3 ਨਾਜਾਇਜ਼ ਦੇਸੀ ਕੱਟੇ ਅਤੇ 6 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ | ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਖਿਲਾਫ਼ ਥਾਣਾ ਰਾਏਪੁਰ ਰਾਣੀ ਵਿਚ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਡੀ. ਸੀ. ਪੀ. ਕ੍ਰਾਈਮ ਨੇ ਦੱਸਿਆ ਕਿ ਮੁਢੱਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਹਥਿਆਰ ਅੰਤਰਰਾਜੀ ਤਸਕਰੀ ਨੈੱਟਵਰਕ ਦਾ ਹਿੱਸਾ ਹਨ | ਪੁਲਿਸ ਇਸ ਗੱਲ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਕਿ ਚੋਣਾਂ ਤੋਂ ਠੀਕ ਪਹਿਲਾਂ ਇਹ ਖੇਪ ਕਿਸ ਨੂੰ ਦਿੱਤੀ ਜਾਣੀ ਸੀ | ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਉੱਤਰ ਪ੍ਰਦੇਸ਼ ਦੇ ਇਕ ਹੋਰ ਸਪਲਾਇਰ ਦਾ ਨਾਂਅ ਵੀ ਲਿਆ ਹੈ, ਜਿਸ ਦੀ ਗਿ੍ਫ਼ਤਾਰੀ ਲਈ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ | ਫਿਲਹਾਲ ਮੁਲਜ਼ਮ 4 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਹੈ ਅਤੇ ਉਸ ਤੋਂ ਗਹਿਰੀ ਪੁੱਛਗਿੱਛ ਜਾਰੀ ਹੈ |