ਜ਼ੀਰਕਪੁਰ, 8 ਮਈ (ਮਨਿੰਦਰ ਸਿੰਘ)- ਸ਼ਹਿਰ 'ਚ ਪੁਲਿਸ ਦੀ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਹੈ, ਜਿਸ ਤਹਿਤ ਪੁਲਿਸ ਨੇ ਸ਼ੁੱਕਰਵਾਰ ਦੇਰ ਸ਼ਾਮ ਵੀ. ਆਈ. ਪੀ. ਰੋਡ 'ਤੇ ਬਲੌਸਮ ਸਪਾ ਸੈਂਟਰ 'ਤੇ ਛਾਪਾ ਮਾਰ ਕੇ ਕਥਿਤ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ | ਇਸ ਛਾਪੇਮਾਰੀ ਦੌਰਾਨ ਪੁਲਿਸ ਨੇ ਚਾਰ ਲੜਕੀਆਂ ਨੂੰ ਬਚਾਇਆ ਤੇ ਸਪਾ ਸੈਂਟਰ ਦੀ ਮਹਿਲਾ ਸੰਚਾਲਕ ਤੇ ਮੈਨੇਜਰ ਨੂੰ ਗਿ੍ਫ਼ਤਾਰ ਕੀਤਾ | ਪੁਲਿਸ ਨੇ ਦੋਵਾਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ | ਇਸ ਮੌਕੇ ਏ. ਐਸ. ਪੀ. ਜ਼ੀਰਕਪੁਰ ਗਜ਼ਲਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਨੂੰ ਕੁਝ ਸਮੇਂ ਤੋਂ ਉਕਤ ਸਪਾ ਸੈਂਟਰ 'ਚ ਮਸਾਜ ਤੇ ਤੰਦਰੁਸਤੀ ਸੇਵਾਵਾਂ ਦੀ ਆੜ 'ਚ ਦੇਹ ਵਪਾਰ ਦੇ ਧੰਦੇ ਸੰਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤੇ ਪੁਖਤਾ ਜਾਣਕਾਰੀ ਮਿਲਣ 'ਤੇ ਇਕ ਵਿਸ਼ੇਸ਼ ਟੀਮ ਬਣਾ ਕੇ ਸਪਾ ਸੈਂਟਰ 'ਤੇ ਛਾਪਾ ਮਾਰਿਆ ਗਿਆ | ਇਸ ਮੌਕੇ ਵੱਖ-ਵੱਖ ਕਮਰਿਆਂ ਦੀ ਤਲਾਸ਼ੀ ਦੌਰਾਨ ਮੌਕੇ 'ਤੇ ਮੌਜੂਦ ਚਾਰ ਲੜਕੀਆਂ ਨੂੰ ਬਚਾਇਆ ਗਿਆ | ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ 'ਚ ਦੇਹ ਵਪਾਰ ਨਾਲ ਸੰਬੰਧਿਤ ਸਬੂਤ ਸਾਹਮਣੇ ਆਏ ਹਨ | ਉਨ੍ਹਾਂ ਦੱਸਿਆ ਕਿ ਘਟਨਾ ਸਥਾਨ ਤੋਂ ਕੁਝ ਅਪਰਾਧਕ ਸਮੱਗਰੀ ਤੇ ਰਿਕਾਰਡ ਵੀ ਬਰਾਮਦ ਕੀਤਾ ਗਿਆ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਕੋਈ ਵੀ ਗੈਰ-ਕਾਨੂੰਨੀ ਗਤੀਵਿਧੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਆਉਣ ਵਾਲੇ ਦਿਨਾਂ ਵਿਚ ਹੋਟਲਾਂ, ਸਪਾ ਸੈਂਟਰਾਂ ਤੇ ਹੋਰ ਸ਼ੱਕੀ ਥਾਵਾਂ 'ਤੇ ਵੀ ਕਾਰਵਾਈ ਜਾਰੀ ਰਹੇਗੀ |