ਡੇਰਾਬੱਸੀ, 12 ਮਈ (ਰਣਬੀਰ ਸਿੰਘ ਪੜੀ)-ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਡੇਰਾਬੱਸੀ ਚੌਕੀ ਮੁਬਾਰਕਪੁਰ ਦੀ ਪੁਲਿਸ ਟੀਮ ਵਲੋਂ ਇਕ ਨਸ਼ਾ ਤਸਕਰ ਨੂੰ ਨਸ਼ੀਲੀਆਂ ਬੋਤਲਾਂ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਵਿਕਾਸ ਕੁਮਾਰ ਉਰਫ ਵਿੱਕੀ ਪੁੱਤਰ ਗਰੀਬ ਦਾਸ ਵਾਸੀ ਢੇਹਾ ਬਸਤੀ ਮੀਰਪੁਰ (ਮੁਬਾਰਕਪੁਰ) ਵਜੋਂ ਹੋਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆ ਮੁਬਾਰਕਪੁਰ ਚੌਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਏ. ਐਸ. ਆਈ. ਲਖਵਿੰਦਰ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਨਾਕਾਬੰਦੀ ਕੀਤੀ ਗਈ ਸੀ | ਇਸ ਦੌਰਾਨ ਪੁਲਿਸ ਨੇ ਵਿਕਾਸ ਕੁਮਾਰ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਟੋਰਕਫ-ਸੀ ਮਾਰਕਾ ਦੀਆਂ 11 ਨਸ਼ੀਲੀਆਂ ਬੋਤਲਾਂ ਬਰਾਮਦ ਹੋਈਆਂ, ਜਿਨਾਂ ਵਿਚ ਪ੍ਰਤੀਬੰਧਿਤ ਕੋਡੀਨ ਫਾਸਫੇਟ ਅਤੇ ਟਿ੍ਪਰੋਲੀਡਾਈਨ ਹਾਈਡ੍ਰੋਕਲੋਰਾਈਡ ਮੌਜੂਦ ਸੀ | ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਨਸ਼ਾ ਵਿਰੋਧੀ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰਨ ਮਗਰੋਂ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਅਦਾਲਤ ਨੇ ਉਸ ਨੂੰ ਤਿੰਨ ਦਿਨਾਂ ਰਿਮਾਂਡ 'ਤੇ ਭੇਜ ਦਿੱਤਾ ਤਾਂ ਜੋ ਨਸ਼ੇ ਦੀ ਸਪਲਾਈ ਲਾਈਨ ਦਾ ਪਤਾ ਲਗਾਇਆ ਜਾ ਸਕੇ | ਉਹਨਾਂ ਦੱਸਿਆ ਕਿ ਪੁਲਿਸ ਪੁੱਛਗਿੱਛ ਦੌਰਾਨ ਇਸ ਮਾਮਲੇ ਵਿਚ ਇਕ ਹੋਰ ਵਿਅਕਤੀ ਸਾਗਰ ਉਰਫ ਨਾਗਾ ਪੁੱਤਰ ਬਬਲੀ ਵਾਸੀ ਢੇਹਾ ਬਸਤੀ (ਤਿ੍ਵੇਦੀ ਕੈਂਪ) ਦੀ ਸ਼ਮੂਲੀਅਤ ਵੀ ਸਾਹਮਣੇ ਆਈ ਹੈ | ਪੁਲਿਸ ਨੇ ਸਾਗਰ ਨੂੰ ਵੀ ਉਕੇ ਮਾਮਲੇ 'ਚ ਨਾਮਜ਼ਦ ਕਰ ਲਿਆ ਹੈ ਅਤੇ ਉਸ ਦੀ ਗਿ੍ਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ | ਪੁਲਿਸ ਦਾ ਦਾਅਵਾ ਹੈ ਕਿ ਜਲਦ ਹੀ ਦੂਜੇ ਮੁਲਜ਼ਮ ਨੂੰ ਵੀ ਕਾਬੂ ਕਰ ਲਿਆ ਜਾਵੇਗਾ |