ਜ਼ੀਰਕਪੁਰ, 12 ਮਈ (ਮਨਿੰਦਰ ਸਿੰਘ)-ਬੀਤੇ ਦਿਨੀਂ ਵਾ. ਨੰ. 20 ਦੇ ਸਕਾਈਲਾਰ ਹੋਮਜ਼ 'ਚ ਹੋਈਆਂ ਰੈਜ਼ੀਡੈਂਟ ਵੈੱਲਫ਼ੇਅਰ ਐਸੋਸੀਏਸ਼ਨ (ਆਰ. ਡਬਲਿਊ. ਏ.) ਦੀਆਂ ਚੋਣਾਂ 'ਚ ਲੱਕੀ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 7 'ਚੋਂ 6 ਅਹੁਦਿਆਂ 'ਤੇ ਕਬਜ਼ਾ ਕਰ ਲਿਆ | ਐੱਸ. ਡੀ. ਐੱਮ. ਡੇਰਾਬੱਸੀ ਦੇ ਹੁਕਮਾਂ ਅਨੁਸਾਰ ਹੋਈਆਂ ਇਨ੍ਹਾਂ ਚੋਣਾਂ ਦੌਰਾਨ ਕੁੱਲ 98 ਵੋਟਾਂ ਪੋਲ ਹੋਈਆਂ | ਪ੍ਰਧਾਨ ਦੇ ਅਹੁਦੇ ਲਈ ਬਲਦੀਪ ਸਿੰਘ ਲੱਕੀ ਨੇ 61 ਵੋਟਾਂ ਹਾਸਿਲ ਕਰਕੇ ਜਿੱਤ ਦਰਜ ਕੀਤੀ | ਉਨ੍ਹਾਂ ਦੀ ਅਗਵਾਈ ਹੇਠ ਟੀਮ ਲੱਕੀ ਨੂੰ ਸੁਸਾਇਟੀ ਵਸਨੀਕਾਂ ਵਲੋਂ ਭਰਪੂਰ ਸਮਰਥਨ ਮਿਲਿਆ | ਇਸ ਮੌਕੇ ਬਲਦੀਪ ਸਿੰਘ ਲੱਕੀ 61 ਵੋਟਾਂ ਨਾਲ ਪ੍ਰਧਾਨ, ਗੁਲਸ਼ਨ ਖੁਰਾਣਾ 51 ਵੋਟਾਂ ਨਾਲ ਉਪ ਪ੍ਰਧਾਨ, ਗੁਰਦਰਸ਼ਨ ਸਿੰਘ 53 ਵੋਟਾਂ ਨਾਲ ਸਕੱਤਰ, ਜੈਦੀਪ 54 ਵੋਟਾਂ ਨਾਲ ਖ਼ਜ਼ਾਨਚੀ ਅਤੇ ਅਵਿਨਾਸ਼ ਗਰਗ 50 ਵੋਟਾਂ ਨਾਲ ਸੰਯੁਕਤ ਸਕੱਤਰ ਚੁਣੇ ਗਏ, ਜਦਕਿ ਮੋਹਿੰਦਰ ਪਾਲ ਕੌਰ ਤੇ ਰਿਤੂ ਛਾਬੜਾ ਨੂੰ ਕਾਰਜਕਾਰੀ ਮੈਂਬਰ ਵਜੋਂ ਜ਼ਿੰਮੇਵਾਰੀ ਸੌਂਪੀ ਗਈ | ਜਿੱਤ ਤੋਂ ਬਾਅਦ ਨਵੇਂ ਚੁਣੇ ਗਏ ਪ੍ਰਧਾਨ ਬਲਦੀਪ ਸਿੰਘ ਲੱਕੀ ਨੇ ਕਿਹਾ ਕਿ ਇਹ ਜਿੱਤ ਸਕਾਈਲਾਰ ਹੋਮਜ਼ ਦੇ ਵਸਨੀਕਾਂ ਦੇ ਭਰੋਸੇ ਤੇ ਸਮਰਥਨ ਦੀ ਜਿੱਤ ਹੈ | ਉਨ੍ਹਾਂ ਕਿਹਾ ਕਿ ਪੂਰੀ ਟੀਮ ਮਿਲ ਕੇ ਸੁਸਾਇਟੀ ਦੇ ਵਿਕਾਸ, ਸੁਰੱਖਿਆ, ਸਫ਼ਾਈ ਤੇ ਬੁਨਿਆਦੀ ਸੁਵਿਧਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰੇਗੀ | ਉਨ੍ਹਾਂ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਸਾਨੂੰ ਸੇਵਾ ਦਾ ਮੌਕਾ ਦਿੱਤਾ ਹੈ ਅਤੇ ਹੁਣ ਵਾਅਦੇ ਨਹੀਂ, ਸਗੋਂ ਕੰਮ ਬੋਲਣਗੇ |