ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਲਈ ਭਾਜਪਾ ਵਲੋਂ 42 ਉਮੀਦਵਾਰਾਂ ਦੀ ਸੂਚੀ ਜਾਰੀ <br/>
ਅਜੀਤ ਡੈਸਕ
15-05-2026
ਇਕ ਦਿਨ ਪਹਿਲਾਂ ਭਾਜਪਾ ਛੱਡ ਕੇ 'ਆਪ' 'ਚ ਸ਼ਾਮਿਲ ਹੋਈ ਸ਼ਰਨਜੀਤ ਕੌਰ ਦਾ ਨਾਂਅ ਵੀ ਸੂਚੀ 'ਚ ਸ਼ਾਮਿਲ
ਭਾਜਪਾ ਵਲੋਂ ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੀ ਜਾਰੀ ਸੂਚੀ ਵਿਚ ਵਾਰਡ ਨੰ. 39 ਤੋਂ ਸ਼ਰਨਜੀਤ ਕੌਰ ਨੂੰ ਉਮੀਦਵਾਰ ਦੱਸਿਆ ਗਿਆ ਹੈ | ਜ਼ਿਕਰਯੋਗ ਹੈ ਕਿ ਭਾਜਪਾ ਆਗੂ ਰੂਪਾ ਸੋਹਾਣਾ ਦੀ ਪਤਨੀ ਸ਼ਰਨਜੀਤ ਕੌਰ, ਜੋ ਕਿ ਬੀਤੇ ਕੱਲ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਈ ਸੀ, ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਵਾਰਡ ਨੰ. 39 ਤੋਂ 'ਆਪ' ਦੀ ਟਿਕਟ 'ਤੇ ਚੋਣ ਲੜੇਗੀ | ਇਕ ਦਿਨ ਪਹਿਲਾਂ ਪਾਰਟੀ ਛੱਡ ਕੇ 'ਆਪ' ਵਿਚ ਸ਼ਾਮਿਲ ਹੋਈ ਸ਼ਰਨਜੀਤ ਕੌਰ ਦਾ ਨਾਂਅ ਭਾਜਪਾ ਦੀ ਸੂਚੀ ਵਿਚ ਸ਼ਾਮਿਲ ਹੋਣ 'ਤੇ ਭਾਜਪਾ ਦੀ ਟਿਕਟਾਂ ਵੰਡਣ ਵਾਲੀ ਕੋਰ ਕਮੇਟੀ ਦੀ ਕਾਰਗੁਜ਼ਾਰੀ 'ਤੇ ਸਵਾਲ ਉੱਠ ਰਹੇ ਹਨ |