ਚੰਡੀਗੜ੍ਹ, 14 ਮਈ (ਸੰਦੀਪ ਕੁਮਾਰ ਮਾਹਨਾ) -ਚੰਡੀਗੜ੍ਹ ਪ੍ਰਸ਼ਾਸਨ ਵਲੋਂ ਜਨਤਕ ਆਵਾਜਾਈ ਸੇਵਾਵਾਂ ਨੂੰ ਹੋਰ ਸਰਲ, ਆਧੁਨਿਕ ਤੇ ਸੁਰੱਖਿਅਤ ਬਣਾਉਣ ਲਈ ਵੱਡੇ ਪੱਧਰ 'ਤੇ ਸੁਧਾਰਾਂ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ | ਇਸ ਸਬੰਧੀ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ ਦੀ ਅਗਵਾਈ 'ਚ ਅੱਜ ਟਰਾਂਸਪੋਰਟ ਵਿਭਾਗ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ.ਟੀ.ਯੂ) ਅਤੇ ਸਟੇਟ ਟਰਾਂਸਪੋਰਟ ਅਥਾਰਟੀ (ਐਸ.ਟੀ.ਏ.) ਦੀ ਵਿਸਥਾਰਪੂਰਵਕ ਸਮੀਖਿਆ ਮੀਟਿੰਗ ਹੋਈ | ਮੀਟਿੰਗ ਵਿਚ ਟਰਾਂਸਪੋਰਟ ਸਕੱਤਰ ਦੀਪਰਵਾ ਲਾਕੜਾ, ਜੁਆਇੰਟ ਸਕੱਤਰ-ਕਮ-ਡਾਇਰੈਕਟਰ ਟਰਾਂਸਪੋਰਟ, ਐਸ.ਟੀ.ਏ. ਸਕੱਤਰ ਤੇ ਜੀ.ਐਮ. ਸੀ.ਟੀ.ਯੂ ਸਮੇਤ ਸੰਬੰਧਿਤ ਅਧਿਕਾਰੀ ਹਾਜ਼ਰ ਸਨ | ਮੀਟਿੰਗ ਦੌਰਾਨ ਸ਼ਹਿਰ ਵਿਚ ਆਵਾਜਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ, ਈ-ਬੱਸ ਫਲੀਟ ਦੇ ਵਿਸਥਾਰ ਤੇ ਸੜਕ ਸੁਰੱਖਿਆ ਉਪਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ 'ਤੇ ਖ਼ਾਸ ਚਰਚਾ ਕੀਤੀ ਗਈ | ਯੂ.ਟੀ. ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਜਾਣਕਾਰੀ ਦਿੱਤੀ ਗਈ ਕਿ ਇਸ ਸਮੇਂ ਚੰਡੀਗੜ੍ਹ 'ਚ 397 ਬੱਸਾਂ ਸ਼ਹਿਰੀ ਰੂਟਾਂ 'ਤੇ ਚੱਲ ਰਹੀਆਂ ਹਨ, ਜਦਕਿ 269 ਬੱਸਾਂ ਅੰਤਰਰਾਜੀ ਰੂਟਾਂ 'ਤੇ ਸੇਵਾਵਾਂ ਦੇ ਰਹੀਆਂ ਹਨ | ਇਸ ਤੋਂ ਇਲਾਵਾ 139 ਈ-ਬੱਸਾਂ ਮੌਜੂਦਾ ਸਮੇਂ ਚੱਲ ਰਹੀਆਂ ਹਨ | ਪੀ.ਐਮ. ਈ-ਬੱਸ ਸੇਵਾ ਯੋਜਨਾ ਤਹਿਤ 41 ਹੋਰ ਈ-ਬੱਸਾਂ ਜੂਨ 2026 ਤੱਕ ਸ਼ਾਮਲ ਕੀਤੀਆਂ ਜਾਣ ਦੀ ਸੰਭਾਵਨਾ ਹੈ | ਇਹ ਵੀ ਦੱਸਿਆ ਗਿਆ ਕਿ ਕੇਂਦਰ ਸਰਕਾਰ ਦੇ ਸ਼ਹਿਰੀ ਆਵਾਸ ਤੇ ਸ਼ਹਿਰੀ ਮਾਮਲੇ ਮੰਤਰਾਲੇ ਅਧੀਨ ਸੀ.ਈ.ਐਸ.ਐਲ. ਰਾਹੀਂ ਚੰਡੀਗੜ੍ਹ ਲਈ 328 ਹੋਰ ਈ-ਬੱਸਾਂ ਦੀ ਖਰੀਦ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ | ਮੁੱਖ ਸਕੱਤਰ ਐਚ ਰਾਜੇਸ਼ ਪ੍ਰਸਾਦ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਧ ਰਹੀ ਈ-ਬੱਸ ਫ਼ਲੀਟ ਲਈ ਲੋੜੀਂਦੇ ਬੁਨਿਆਦੀ ਢਾਂਚੇ ਦੀ ਪਹਿਲਾਂ ਤੋਂ ਹੀ ਪੂਰੀ ਤਿਆਰੀ ਕੀਤੀ ਜਾਵੇ | ਉਨ੍ਹਾਂ ਸੀ.ਟੀ.ਯੂ ਅਤੇ ਸੀ.ਸੀ.ਬੀ.ਐਸ.ਐਸ ਨੂੰ ਰੂਟਾਂ ਦੀ ਮੁੜ ਸਮੀਖਿਆ ਕਰਨ, ਕਾਰਗੁਜ਼ਾਰੀ ਵਿਚ ਸੁਧਾਰ ਲਿਆਉਣ ਅਤੇ ਮੁਸਾਫ਼ਰਾਂ ਲਈ ਹੋਰ ਸੁਵਿਧਾਜਨਕ ਸੇਵਾਵਾਂ ਵਿਕਸਿਤ ਕਰਨ ਦੇ ਨਿਰਦੇਸ਼ ਦਿੱਤੇ | ਸਟੇਟ ਟਰਾਂਸਪੋਰਟ ਅਥਾਰਟੀ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਦਿਆਂ ਮੁੱਖ ਸਕੱਤਰ ਨੇ ਸਕੂਲੀ ਬੱਚਿਆਂ ਦੀ ਸੁਰੱਖਿਆ ਲਈ ਲਾਗੂ 'ਸੇਫ਼ ਟਰਾਂਸਪੋਰਟੇਸ਼ਨ ਪਾਲਿਸੀ (ਸਟ੍ਰੈਪਸ)' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ | ਉਨ੍ਹਾਂ ਈ.ਆਰ.ਐਸ.ਐਸ-112 ਨਾਲ ਪੈਨਿਕ ਅਲਰਟ ਸਿਸਟਮ ਦੇ ਏਕੀਕਰਨ ਸਬੰਧੀ ਮਸਲਿਆਂ ਨੂੰ ਤੁਰੰਤ ਹੱਲ ਕਰਨ ਦੇ ਵੀ ਨਿਰਦੇਸ਼ ਦਿੱਤੇ | ਮੁੱਖ ਸਕੱਤਰ ਨੇ ਆਟੋਮੇਟਿਡ ਇੰਸਪੈਕਸ਼ਨ ਐਂਡ ਫਿਟਨੈੱਸ ਸਰਟੀਫਿਕੇਸ਼ਨ ਸੈਂਟਰ ਨੂੰ ਜਲਦੀ ਕਾਰਗਰ ਬਣਾਉਣ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਰੀਜਨਲ ਡਰਾਈਵਿੰਗ ਟ੍ਰੇਨਿੰਗ ਸੈਂਟਰ ਨੂੰ ਵੀ ਜਲਦੀ ਸ਼ੁਰੂ ਕਰਨ ਲਈ ਕਿਹਾ | ਇਸ ਤੋਂ ਇਲਾਵਾ ਐਸ.ਟੀ.ਏ. 'ਚ 48 ਨਵੀਆਂ ਅਸਾਮੀਆਂ ਦੀ ਰਚਨਾ ਸਬੰਧੀ ਮਸਲਾ ਵੀ ਵਿਚਾਰਿਆ ਗਿਆ |