ਪੰਚਕੂਲਾ, 14 ਮਈ (ਕਪਿਲ)-ਪੰਚਕੂਲਾ ਪੁਲਿਸ ਦੀ ਡਿਟੈਕਟਿਵ ਸਟਾਫ਼ ਦੀ ਟੀਮ ਨੇ ਅਮਰਾਵਤੀ ਖੇਤਰ 'ਚ ਹੋਏ ਚਰਚਿੱਤ ਸੋਨੰੂ ਨੋਲਟਾ ਕਤਲ-ਕਾਂਡ 'ਚ ਫ਼ਰਾਰ ਚੱਲ ਰਹੇ ਮੁੱਖ ਮੁਲਜ਼ਮਾਂ 'ਚ ਸ਼ਾਮਿਲ ਗੋਪਾਲ ਕੁਮਾਰ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਕਾਬੂ ਮੁਲਜ਼ਮ ਦੀ ਪਛਾਣ ਗੋਪਾਲ ਵਾਸੀ ਪਿੰਡ ਸੁੱਖੋਮਾਜਰੀ (ਪਿੰਜੌਰ) ਜ਼ਿਲਾ ਪੰਚਕੂਲਾ ਵਜੋਂ ਹੋਈ ਹੈ | ਮੁਲਜ਼ਮ ਨੂੰ 12 ਮਈ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ 13 ਮਈ ਨੂੰ ਅਦਾਲਤ 'ਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਸੀ | ਰਿਮਾਂਡ ਦੌਰਾਨ ਪੁਲਿਸ ਨੇ ਮੁਲਜ਼ਮ ਤੋਂ ਗਹਿਰਾਈ ਨਾਲ ਪੁੱਛਗਿੱਛ ਕਰਦਿਆਂ ਉਸ ਦਾ ਮੋਬਾਈਲ ਫ਼ੋਨ ਬਰਾਮਦ ਕਰ ਲਿਆ | ਇਸ ਤੋਂ ਇਲਾਵਾ ਉਸ ਤੋਂ ਕਤਲ ਨਾਲ ਜੁੜੇ ਕਈ ਮਹੱਤਵਪੂਰਨ ਤੱਥਾਂ ਬਾਰੇ ਵੀ ਪੁੱਛਗਿੱਛ ਕੀਤੀ ਗਈ | ਪੁਲਿਸ ਹੁਣ ਇਹ ਵੀ ਪਤਾ ਲਗਾਉਣ 'ਚ ਜੁਟੀ ਹੋਈ ਹੈ ਕਿ ਇਸ ਕਤਲ ਦੀ ਸਾਜ਼ਿਸ਼ 'ਚ ਹੋਰ ਕੌਣ-ਕੌਣ ਸ਼ਾਮਿਲ ਸੀ | ਏ. ਸੀ. ਪੀ. ਕ੍ਰਾਈਮ ਅਰਵਿੰਦ ਕੰਬੋਜ ਨੇ ਦੱਸਿਆ ਕਿ 5 ਜੂਨ 2025 ਨੂੰ ਪੰਚਕੂਲਾ ਦੇ ਅਮਰਾਵਤੀ ਖੇਤਰ ਸਥਿਤ ਮਾਲ ਦੇ ਬਾਹਰ ਹਥਿਆਰਬੰਦ ਨੌਜਵਾਨਾਂ ਵਲੋਂ ਸੋਨੰੂ ਨੋਲਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ | ਇਸ ਵਾਰਦਾਤ ਤੋਂ ਬਾਅਦ ਪੁਲਿਸ ਵਲੋਂ ਹੁਣ ਤੱਕ ਕੁੱਲ 12 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ | ਥਾਣਾ ਪਿੰਜੌਰ 'ਚ ਦਰਜ ਇਸ ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਗੋਪਾਲ ਕੁਮਾਰ ਨੇ ਇਸ ਕਤਲ-ਕਾਂਡ 'ਚ ਅਹਿਮ ਭੂਮਿਕਾ ਨਿਭਾਈ ਸੀ |