ਪ੍ਰਸ਼ਾਸਨ ਵਲੋਂ ਸਾਰ ਨਾ ਲਏ ਜਾਣ ਕਾਰਨ ਰੋਹ 'ਚ ਆਏ ਕਿਸਾਨਾਂ ਨੇ ਬੈਂਕ ਨੂੰ ਜੜਿਆ ਜਿੰਦਰਾ <br/>
ਅਜੀਤ ਡੈਸਕ
15-05-2026
ਡੇਰਾਬੱਸੀ, 14 ਮਈ (ਗੁਰਮੀਤ ਸਿੰਘ)-ਫ਼ਰੀਦਕੋਟ ਦੇ ਪਿੰਡ ਹਰੀਨੋ ਵਿਖੇ ਲੈਂਡ ਮਾਰਗੇਜ਼ ਬੈਂਕ ਦੇ ਅਧਿਕਾਰੀਆਂ ਤੋਂ ਤੰਗ ਆ ਕੇ ਦੋ ਕਿਸਾਨ ਭਰਾਵਾਂ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ 11 ਮਈ ਤੋਂ ਡੇਰਾਬੱਸੀ ਵਿਖੇ ਜਾਰੀ ਸੰਘਰਸ਼ ਨੂੰ ਹੋਰ ਤਿੱਖਾ ਕਰ ਦਿੱਤਾ ਗਿਆ ਹੈ | ਕਿਸਾਨਾਂ ਵਲੋਂ ਲੈਂਡ ਮਾਰਗੇਜ਼ ਬੈਂਕ ਦੇ ਬਾਹਰ ਲਗਾਤਾਰ ਚਾਰ ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਸੀ ਪਰ ਕਿਸੇ ਵੀ ਅਧਿਕਾਰੀ ਵਲੋਂ ਸਾਰ ਨਾ ਲਏ ਜਾਣ ਕਾਰਨ ਰੋਹ 'ਚ ਆਏ ਕਿਸਾਨਾਂ ਵਲੋਂ ਅੱਜ ਬੈਂਕ ਨੂੰ ਜਿੰਦਰਾ ਜੜ ਕੇ ਪੱਕੇ ਤੌਰ 'ਤੇ ਬੰਦ ਕਰ ਦਿੱਤਾ ਗਿਆ | ਜ਼ਿਲਾ ਕਨਵੀਨਰ ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠ ਜਾਰੀ ਇਸ ਧਰਨੇ 'ਚ ਰੋਜ਼ਾਨਾ ਇਲਾਕੇ ਦੇ ਕਿਸਾਨ ਪਹੁੰਚ ਕੇ ਪੰਜਾਬ ਸਰਕਾਰ ਅਤੇ ਬੈਂਕ ਅਧਿਕਾਰੀਆਂ ਦਾ ਪਿੱਟ ਸਿਆਪਾ ਕਰ ਰਹੇ ਹਨ | ਕਿਸਾਨਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਜਦੋਂ ਤੱਕ ਉਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਉਹ ਬੈਂਕ ਨੂੰ ਨਹੀਂ ਖੋਲਣ ਦੇਣਗੇ | ਉਨਾਂ ਮੰਗ ਕੀਤੀ ਕਿ ਕਿਸਾਨਾਂ ਵਲੋਂ ਕਰਜ਼ਾ ਚੁੱਕਣ ਸਮੇਂ ਬੈਂਕ ਵਲੋਂ ਲਏ ਗਏ ਚੈੱਕ ਵਾਪਸ ਕੀਤੇ ਜਾਣ ਅਤੇ ਵਨ ਟਾਈਮ ਸੈਟਲਮੈਂਟ ਸਕੀਮ ਲਿਆਂਦੀ ਜਾਵੇ | ਇਸ ਮੌਕੇ ਜ਼ਿਲਾ ਪਟਿਆਲਾ ਦੇ ਪ੍ਰਧਾਨ ਜਗਦੀਲ ਸਿੰਘ ਅਲੂਣਾ, ਜ਼ਿਲਾ ਸ੍ਰੀ ਫ਼ਤਹਿਗੜ ਸਾਹਿਬ ਦੇ ਪ੍ਰਧਾਨ ਗੁਰਜਿੰਦਰ ਸਿੰਘ, ਬਲਾਕ ਮੁਹਾਲੀ ਦੇ ਪ੍ਰਧਾਨ ਤਰਲੋਚਨ ਸਿੰਘ, ਗੁਰਮੀਤ ਸਿੰਘ ਸਿਆਊ, ਬਲਾਕ ਡੇਰਾਬੱਸੀ ਦੇ ਕਾਰਜਕਾਰੀ ਪ੍ਰਧਾਨ ਜਸਪਾਲ ਸਿੰਘ, ਪ੍ਰੇਮ ਸਿੰਘ ਰਾਣਾ, ਮਨਜੀਤ ਸਿੰਘ ਦੱਪਰ, ਬਲਜੀਤ ਸਿੰਘ ਸ੍ਰੀ ਫ਼ਤਹਿਗੜ ਸਾਹਿਬ, ਤੇਜਿੰਦਰ ਸਿੰਘ, ਜਸਵੰਤ ਸਿੰਘ ਆਲਮਗੀਰ, ਹਰਪਾਲ ਸਿੰਘ ਤੇ ਲਾਲ ਸਿੰਘ ਸਮੇਤ ਹੋਰ ਕਿਸਾਨ ਵੀ ਹਾਜ਼ਰ ਸਨ |