ਚੰਡੀਗੜ੍ਹ, 20 ਮਈ (ਸੁਖਵਿੰਦਰ ਸਿੰਘ ਸ਼ਾਨ) - ਸਿੱਖਿਆ ਵਿਭਾਗ ਚੰਡੀਗੜ੍ਹ ਵਲੋਂ ਸ਼ਹਿਰ ਦੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ 23 ਮਈ ਤੋਂ 30 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ | ਗਰਮੀ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਸਿੱਖਿਆ ਵਿਭਾਗ ਵਲੋਂ ਕੀਤੀ ਗਈ ਇਕ ਉੱਚ-ਪੱਧਰੀ ਸਮੀਖਿਆ ਬੈਠਕ ਤੋਂ ਬਾਅਦ ਗਰਮੀ ਦੀਆਂ ਛੁੱਟੀਆਂ ਸੰਬੰਧੀ ਰਸਮੀ ਹੁਕਮ ਜਾਰੀ ਕਰ ਦਿੱਤੇ ਗਏ ਹਨ | ਸਿੱਖਿਆ ਵਿਭਾਗ ਚੰਡੀਗੜ੍ਹ ਵਲੋਂ ਜਾਰੀ ਕੀਤੇ ਆਦੇਸ਼ਾਂ ਮੁਤਾਬਿਕ ਗਰਮੀਆਂ ਦੀਆਂ ਛੁੱਟੀਆਂ 23 ਮਈ (ਸਨਿਚਰਵਾਰ) ਤੋਂ ਸ਼ੁਰੂ ਹੋ ਕੇ 30 ਜੂਨ 2026 (ਮੰਗਲਵਾਰ) ਤੱਕ ਚੱਲਣਗੀਆਂ | ਜਾਰੀ ਹੁਕਮਾਂ ਵਿਚ ਜ਼ਿਕਰਯੋਗ ਗੱਲ ਇਹ ਹੈ ਕਿ ਜਿੱਥੇ ਵਿਦਿਆਰਥੀਆਂ ਲਈ ਸਕੂਲ 30 ਜੂਨ ਤੱਕ ਬੰਦ ਰਹਿਣਗੇ ਉੱਥੇ ਹੀ ਅਧਿਆਪਕਾਂ ਨੂੰ ਛੁੱਟੀਆਂ ਖ਼ਤਮ ਹੋਣ ਤੋਂ ਦੋ ਦਿਨ ਪਹਿਲਾਂ ਸਕੂਲ ਪਹੁੰਚਣਾ ਹੋਵੇਗਾ | ਅਧਿਆਪਕਾਂ ਲਈ 29 ਤੇ 30 ਜੂਨ ਕੰਮਕਾਜੀ ਦਿਨ ਐਲਾਨੇ ਗਏ ਹਨ ਤੇ ਇਨ੍ਹਾਂ ਦਿਨਾਂ ਦੌਰਾਨ ਅਧਿਆਪਕਾਂ ਨੂੰ ਸਕੂਲ ਆ ਕੇ ਅਗਲੇ ਨਵੇਂ ਸੈਸ਼ਨ ਦੀਆਂ ਤਿਆਰੀਆਂ ਤੇ ਪ੍ਰਬੰਧਕੀ ਕੰਮ ਮੁਕੰਮਲ ਕਰਨੇ ਪੈਣਗੇ |