ਚੰਡੀਗੜ੍ਹ, 20 ਮਈ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਟਰਾਂਸਪੋਰਟ ਵਿਭਾਗ ਵਲੋਂ ਵਾਹਨ ਮਾਲਕਾਂ ਲਈ ਫੈਂਸੀ ਅਤੇ ਸਪੈਸ਼ਲ ਰਜਿਸਟ੍ਰੇਸ਼ਨ ਨੰਬਰਾਂ ਦੀ ਈ-ਨਿਲਾਮੀ ਪ੍ਰਕਿਰਿਆ ਸਬੰਧੀ ਨਵਾਂ ਸ਼ਡਿਊਲ ਜਾਰੀ ਕੀਤਾ ਗਿਆ ਹੈ | ਇਸ ਤਹਿਤ ਨਵੀਂ ਸੀਰੀਜ਼ 'ਸੀ.ਐਚ.01.ਡੀ.ਈ.' ਦੇ ਨਾਲ ਨਾਲ ਪੁਰਾਣੀਆਂ ਸੀਰੀਜ਼ਾਂ ਸੀ.ਐਚ.01.ਡੀ.ਡੀ.', ਸੀ.ਐਚ.01.ਡੀ.ਸੀ., ਸੀ.ਐਚ.01.ਡੀ.ਬੀ., ਸੀ.ਐਚ.01.ਡੀ.ਏ. ਦੇ ਬਚੇ ਹੋਏ ਫੈਂਸੀ/ਸਪੈਸ਼ਲ ਨੰਬਰਾਂ ਦੀ ਵੀ ਮੁੜ ਨਿਲਾਮੀ ਕੀਤੀ ਜਾਵੇਗੀ | ਵਿਭਾਗ ਅਨੁਸਾਰ ਈ-ਨਿਲਾਮੀ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 22 ਮਈ 2026 (ਸਵੇਰੇ 10 ਵਜੇ) ਤੋਂ ਸ਼ੁਰੂ ਹੋ ਕੇ 29 ਮਈ 2026 (ਸ਼ਾਮ 5 ਵਜੇ) ਤੱਕ ਜਾਰੀ ਰਹੇਗੀ | ਇਸ ਤੋਂ ਬਾਅਦ ਈ-ਨਿਲਾਮੀ ਦੀ ਪ੍ਰਕਿਰਿਆ 30 ਮਈ 2026 (ਸਵੇਰੇ 10 ਵਜੇ) ਤੋਂ 1 ਜੂਨ 2026 (ਸ਼ਾਮ 5 ਵਜੇ) ਤੱਕ ਚੱਲੇਗੀ | ਟਰਾਂਸਪੋਰਟ ਵਿਭਾਗ ਨੇ ਦੱਸਿਆ ਕਿ ਵਾਹਨ ਮਾਲਕ ਰਾਸ਼ਟਰੀ ਟਰਾਂਸਪੋਰਟ ਪੋਰਟਲ 'ਵਾਹਨ ਡਾਟ ਪਰਿਵਾਹਨ ਡਾਟ ਜੀਓਵੀ ਡਾਟ ਇਨ/ਫ਼ੈਂਸੀ' 'ਤੇ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ | ਇਹ ਲਿੰਕ ਚੰਡੀਗੜ੍ਹ ਪ੍ਰਸ਼ਾਸਨ ਦੇ ਟਰਾਂਸਪੋਰਟ ਵਿਭਾਗ ਦੀ ਵੈਬਸਾਈਟ 'ਸੀ.ਐਚ.ਡੀ.ਟਰਾਂਸਪੋਰਟ ਡਾਟ ਜੀਓਵੀ ਡਾਟ ਇਨ' 'ਤੇ ਵੀ ਉਪਲਬਧ ਹੈ | ਰਜਿਸਟ੍ਰੇਸ਼ਨ ਤੋਂ ਬਾਅਦ ਹਰ ਅਰਜ਼ੀਕਾਰ ਨੂੰ ਯੂਨੀਕ ਅਕਨਾਲਿਜਮੈਂਟ ਨੰਬਰ (ਯੂ.ਏ.ਐਨ.) ਜਾਰੀ ਕੀਤਾ ਜਾਵੇਗਾ |