ਚੰਡੀਗੜ੍ਹ, 20 ਮਈ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਵਲੋਂ ਵੀਜ਼ਾ ਧੋਖਾਧੜੀ ਨਾਲ ਸੰਬੰਧਿਤ ਮਾਮਲਿਆਂ ਵਿਚ ਵੱਡੀ ਕਾਰਵਾਈ ਕਰਦਿਆਂ 10 ਐੱਫ.ਆਈ.ਆਰਜ਼ ਨੂੰ ਪ੍ਰਵਾਨਗੀ ਦਿੱਤੀ ਗਈ ਹੈ | ਇਹ ਸਾਰੇ ਮਾਮਲੇ ਥਾਣਾ ਸੈਕਟਰ-17 ਵਿਖੇ ਦਰਜ ਕੀਤੇ ਗਏ ਹਨ | ਉਕਤ ਮਾਮਲਿਆਂ ਵਿਚ ਇਮੀਗ੍ਰੇਸ਼ਨ ਏਜੰਟਾਂ ਅਤੇ ਕੰਪਨੀਆਂ 'ਤੇ ਵੀਜ਼ਾ ਲਗਵਾਉਣ ਦੇ ਨਾਂਅ 'ਤੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਲਗੇ ਹਨ | ਪੁਲਿਸ ਵਲੋਂ ਮਾਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਪਹਿਲੇ ਮਾਮਲੇ ਵਿਚ ਪਿੰਡ ਮੰਡੋਲਾ, ਜ਼ਿਲ੍ਹਾ ਕੁਰੂਕਸ਼ੇਤਰ (ਹਰਿਆਣਾ) ਦੇ ਰਹਿਣ ਵਾਲੇ ਬਲਬੀਰ ਸਿੰਘ ਦੀ ਸ਼ਿਕਾਇਤ 'ਤੇ ਮੰਦੀਪ, ਗਗਨਦੀਪ, ਨਵਦੀਪ, ਗੁਰਲੀਨ ਤੇ ਕਰਮਵੀਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਦੋਸ਼ੀਆਂ 'ਤੇ ਸੈਕਟਰ-17/ਸੀ ਸਥਿਤ ਵੀਜ਼ਾ ਸਪੋਰਟ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਰਾਹੀਂ ਵੀਜ਼ਾ ਲਗਵਾਉਣ ਦੇ ਨਾਂਅ 'ਤੇ 9 ਲੱਖ 46 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹਨ | ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਇਸੇ ਤਰ੍ਹਾਂ ਕੈਥਲ ਦੇ ਪਿੰਡ ਸੰਗਰੋਲੀ ਦੇ ਰਹਿਣ ਵਾਲੇ ਅਸ਼ਵਨੀ ਕੁਮਾਰ ਦੀ ਸ਼ਿਕਾਇਤ 'ਤੇ ਫਲਾਈ ਆਊਟ ਇਮੀਗ੍ਰੇਸ਼ਨ ਨਾਲ ਸੰਬੰਧਿਤ ਸਿਮਰਜੀਤ, ਗੁਲਸ਼ਨ ਤਿਆਗੀ ਤੇ ਹੋਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਦੋਸ਼ ਹੈ ਕਿ ਮੁਲਜ਼ਮਾਂ ਨੇ ਵੀਜ਼ਾ ਪ੍ਰੋਸੈਸਿੰਗ ਦੇ ਨਾਂਅ 'ਤੇ 23 ਲੱਖ 90 ਹਜ਼ਾਰ ਰੁਪਏ ਹੜਪ ਲਏ | ਇਕ ਹੋਰ ਮਾਮਲੇ ਵਿਚ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਸਰਵਜੀਤ ਸਿੰਘ ਦੀ ਸ਼ਿਕਾਇਤ 'ਤੇ ਐਮ/ਐਸ ਵੀਜ਼ਾ ਵਾਈਬਜ਼ ਇਮੀਗ੍ਰੇਸ਼ਨ ਦੇ ਮਾਲਕ ਅਕਸ਼ੇ ਵਰਮਾ, ਹਰਮਨ ਕੌਰ ਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ | ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਮੁਲਜ਼ਮਾਂ ਨੇ ਉਸ ਨਾਲ 6 ਲੱਖ 77 ਹਜ਼ਾਰ 30 ਰੁਪਏ ਦੀ ਠੱਗੀ ਕੀਤੀ | ਇਸ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ ਹੈ | ਇਸੇ ਕੰਪਨੀ ਨਾਲ ਸੰਬੰਧਿਤ ਇਕ ਹੋਰ ਮਾਮਲੇ ਵਿਚ ਕਰਨਾਲ ਦੇ ਅੰਕੁਸ਼ ਪੰਚਾਲ ਦੀ ਸ਼ਿਕਾਇਤ 'ਤੇ ਅਕਸ਼ੇ ਵਰਮਾ, ਹਰਮਨ ਕੌਰ, ਸਾਹਿਲ ਖਾਨ, ਮਨੋਜ ਕੁਮਾਰ ਅਤੇ ਹੋਰਾਂ ਖ਼ਿਲਾਫ਼ 7 ਲੱਖ 75 ਹਜ਼ਾਰ 300 ਰੁਪਏ ਦੀ ਧੋਖਾਧੜੀ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ ਹੈ | ਇਸ ਤੋਂ ਇਲਾਵਾ ਜਲੰਧਰ ਦੇ ਨਿਰਮਲ ਸਿੰਘ ਦੀ ਸ਼ਿਕਾਇਤ 'ਤੇ ਏਸ਼ੀਅਨ ਮੈਨਪਾਵਰ ਇੰਪਲਾਇਮੈਂਟ ਸਰਵਿਸਿਜ਼ ਨਾਲ ਸੰਬੰਧਿਤ ਅਨੁਭਵ ਗਰਗ ਉਰਫ਼ ਅੰਸ਼ੂ ਤੇ ਹੋਰਾਂ ਖ਼ਿਲਾਫ਼ 9 ਲੱਖ 5 ਹਜ਼ਾਰ ਰੁਪਏ ਦੀ ਠੱਗੀ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਅਧਿਕਾਰੀਆਂ ਅਨੁਸਾਰ ਵੱਖ-ਵੱਖ ਇਮੀਗ੍ਰੇਸ਼ਨ ਏਜੰਟਾਂ ਵਲੋਂ ਧੋਖਾਧੜੀ ਕੀਤੇ ਜਾਣ ਤੇ ਪ੍ਰਵਾਨਗੀ ਮਿਲਣ ਤੇ ਹੋਰ ਪੰਜ ਐੱਫ. ਆਈ. ਆਰ. ਵੀ ਪੁਲਿਸ ਵਲੋਂ ਦਰਜ ਕੀਤੀਆਂ ਗਈਆਂ ਹਨ | ਚੰਡੀਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਸਾਰੇ ਮਾਮਲਿਆਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਕੁਝ ਮਾਮਲਿਆਂ ਵਿਚ ਗਿ੍ਫ਼ਤਾਰੀ ਨਹੀਂ ਹੋਈ ਅਤੇ ਕੁਝ ਵਿਚ ਇਮੀਗ੍ਰੇਸ਼ਨ ਏਜੈਂਟ ਪਹਿਲਾਂ ਤੋਂ ਹੀ ਨਿਆਇਕ ਹਿਰਾਸਤ ਵਿਚ ਹਨ | ਪੁਲਿਸ ਵਲੋਂ ਇਮੀਗ੍ਰੇਸ਼ਨ ਧੋਖਾਧੜੀ ਵਿਚ ਸ਼ਾਮਲ ਹੋਰ ਵਿਅਕਤੀਆਂ ਅਤੇ ਕੰਪਨੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ |