ਚੰਡੀਗੜ੍ਹ, 20 ਮਈ (ਮਾਰਕੰਡਾ)- ਮੈਡੀਕਲ ਸ਼ਾਪ ਐਸੋਸੀਏਸ਼ਨ ਵਲੋਂ ਦੇਸ਼ ਭਰ ਵਿਚ ਕੀਤੀ ਗਈ ਅੱਜ ਦੀ ਹੜਤਾਲ ਦਾ ਚੰਡੀਗੜ੍ਹ ਵਿਚ ਰਲਵਾਂ ਮਿਲਣਾ ਅਸਰ ਦੇਖਿਆ ਗਿਆ | ਕਈ ਥਾਵਾਂ 'ਤੇ ਲੋਕਾਂ ਨੂੰ ਇਸ ਬਾਰੇ ਜਾਗਰੂਕਤਾ ਪਹਿਲਾਂ ਹੀ ਸੀ ਜਦਕਿ ਚੰਡੀਗੜ੍ਹ ਵਿਚ ਕੁੱਝ ਥਾਵਾਂ 'ਤੇ ਮਰੀਜ਼ ਨੂੰ ਦਵਾਈਆਂ ਲਈ ਭਟਕਦੇ ਨਜ਼ਰ ਆਏ ਕਿਉਂਕਿ ਦਵਾਈਆਂ ਦੀਆਂ ਦੁਕਾਨਾਂ ਬੁੱਧਵਾਰ ਨੂੰ ਬੰਦ ਰਹੀਆਂ | ਸਭ ਤੋਂ ਵੱਧ ਪ੍ਰਭਾਵ ਪੀ.ਜੀ.ਆਈ. ਦੇ ਸਾਹਮਣੇ ਸਥਿਤ ਸੈਕਟਰ 11 ਮੈਡੀਕਲ ਮਾਰਕੀਟ ਵਿਚ ਪਿਆ ਜਿੱਥੇ ਮਰੀਜ਼ ਤੇ ਉਨ੍ਹਾਂ ਦੇ ਪਰਿਵਾਰ ਦਵਾਈਆਂ ਲਈ ਤਰਸ ਰਹੇ ਸਨ | ਸੈਕਟਰ 11 ਮਾਰਕੀਟ ਵਿਚ ਲਗਭਗ 50 ਤੋਂ 60 ਮੈਡੀਕਲ ਦੁਕਾਨਾਂ ਹਨ ਪਰ ਹੜਤਾਲ ਕਾਰਨ ਸਾਰੀਆਂ ਬੰਦ ਹਨ | ਦੂਰ-ਦੁਰਾਡੇ ਤੋਂ ਇਲਾਜ ਲਈ ਆਏ ਮਰੀਜ਼ਾਂ ਨੂੰ ਜ਼ਰੂਰੀ ਦਵਾਈਆਂ ਨਹੀਂ ਮਿਲ ਰਹੀਆਂ ਸੀ ਜਿਸ ਕਾਰਨ ਮਰੀਜ਼ਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੁੰਦੀ ਦੇਖੀ ਗਈ | ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਹੋਰ ਰਾਜਾਂ ਤੋਂ ਵੱਡੀ ਗਿਣਤੀ ਵਿਚ ਮਰੀਜ਼ ਇਲਾਜ ਲਈ ਪੀ.ਜੀ.ਆਈ. ਪਹੁੰਚਦੇ ਹਨ | ਹਸਪਤਾਲ ਤੋਂ ਦਵਾਈਆਂ ਲੈਣ ਤੋਂ ਬਾਅਦ, ਲੋਕ ਸੈਕਟਰ 11 ਮਾਰਕੀਟ ਪਹੁੰਚ ਰਹੇ ਹਨ ਪਰ ਦੁਕਾਨਾਂ ਬੰਦ ਦੇਖ ਕੇ, ਉਨ੍ਹਾਂ ਨੂੰ ਇੱਧਰ-ਉੱਧਰ ਭਟਕਣ ਲਈ ਮਜਬੂਰ ਹੋਣਾ ਪਿਆ | ਬਹੁਤ ਸਾਰੇ ਮਰੀਜ਼ਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਹੜਤਾਲ ਬਾਰੇ ਪਹਿਲਾਂ ਤੋਂ ਪਤਾ ਨਹੀਂ ਸੀ | ਦੱਸਣਯੋਗ ਹੈ ਕਿ ਮੈਡੀਕਲ ਸ਼ਾਪ ਐਸੋਸੀਏਸ਼ਨ ਨੇ ਵੱਖ-ਵੱਖ ਮੰਗਾਂ ਲਈ ਦਬਾਅ ਪਾਉਣ ਸਬੰਧੀ ਹੜਤਾਲ ਦਾ ਐਲਾਨ ਕੀਤਾ ਸੀ |