ਡੇਰਾਬੱਸੀ, 20 ਮਈ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਦੇ ਵਾ. ਨੰ. 10 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਸੈਣੀ ਵੱਲੋਂ ਵਾਰਡ 'ਚ ਚੋਣ ਪ੍ਰਚਾਰ ਤੇਜ਼ ਕਰਦਿਆਂ ਵੋਟਰਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਗਿਆ | ਇਸ ਚੋਣ ਮੁਹਿੰਮ ਦੌਰਾਨ ਵਾਰਡ ਨਿਵਾਸੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੈਣੀ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਨ੍ਹਾਂ ਦੀ ਪਿਛਲੀ ਕਾਰਗੁਜ਼ਾਰੀ ਅਤੇ ਵਿਕਾਸ ਕਾਰਜਾਂ ਦੇ ਆਧਾਰ 'ਤੇ ਉਨ੍ਹਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ | ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਪਿਛਲੇ ਕਾਰਜਕਾਲ ਦੌਰਾਨ ਵਾਰਡ 'ਚ ਬਿਨਾਂ ਕਿਸੇ ਪੱਖਪਾਤ ਦੇ ਸੈਂਕੜੇ ਵਿਕਾਸ ਕਾਰਜ ਕਰਵਾਏ ਗਏ ਸਨ ਜਿਨ੍ਹਾਂ 'ਚ ਪੁਰਾਣੇ ਟਿਊਬਵੈੱਲ ਫ਼ੇਲ੍ਹ ਹੋਣ 'ਤੇ ਤੁਰੰਤ ਨਵੇਂ ਟਿਊਬਵੈੱਲ ਲਗਵਾ ਕੇ ਪਾਣੀ ਦੀ ਕਿੱਲਤ ਦੂਰ ਕਰਨਾ, ਗਲੀਆਂ 'ਚ ਇੰਟਰਲਾਕਿੰਗ ਟਾਈਲਾਂ ਲਗਵਾਉਣਾ, ਪਾਰਕਾਂ ਦਾ ਸੁੰਦਰੀਕਰਨ ਤੇ ਬਿਜਲੀ ਦੀ ਨਿਰਵਿਘਨ ਸਪਲਾਈ ਲਈ ਨਵੇਂ ਟਰਾਂਸਫ਼ਾਰਮਰ ਤੇ ਸਟਰੀਟ ਲਾਈਟਾਂ ਲਗਵਾਉਣਾ ਮੁੱਖ ਤੌਰ 'ਤੇ ਸ਼ਾਮਿਲ ਹਨ | ਆਪਣੇ ਭਵਿੱਖ ਦੇ ਰੋਡਮੈਪ ਬਾਰੇ ਗੱਲ ਕਰਦਿਆਂ ਅਕਾਲੀ ਉਮੀਦਵਾਰ ਸੈਣੀ ਨੇ ਵੋਟਰਾਂ ਨਾਲ ਕਈ ਅਹਿਮ ਵਾਅਦੇ ਕੀਤੇ | ਉਨ੍ਹਾਂ ਭਰੋਸਾ ਦਿੱਤਾ ਕਿ ਵਾਰਡ ਦੇ ਹਰ ਘਰ ਦਾ ਬਿਜਲੀ ਮੀਟਰ ਵੱਖਰਾ ਕੀਤਾ ਜਾਵੇਗਾ ਤਾਂ ਜੋ ਬਿੱਲਾਂ 'ਚ ਪਾਰਦਰਸ਼ਤਾ ਆਵੇ | ਇਸ ਤੋਂ ਇਲਾਵਾ ਪੂਰੇ ਵਾਰਡ 'ਚ ਐਲ. ਈ. ਡੀ. ਸਟਰੀਟ ਲਾਈਟਾਂ, ਬਿਹਤਰ ਕੂੜਾ ਪ੍ਰਬੰਧਨ, ਸਾਫ਼ ਪਾਣੀ ਤੇ ਮਜ਼ਬੂਤ ਡਰੇਨੇਜ ਸਿਸਟਮ ਮੁਹੱਈਆ ਕਰਵਾ ਕੇ ਡੇਰਾਬੱਸੀ ਨੂੰ ਹਰਿਆ-ਭਰਿਆ ਤੇ ਸਾਫ਼-ਸੁਥਰਾ ਬਣਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਯਾਨੀ ਲਟਕਦੀਆਂ ਹੋਈਆਂ ਬਿਜਲੀ ਦੀਆਂ ਖ਼ਤਰਨਾਕ ਤਾਰਾਂ ਦੇ ਜਾਲ ਤੋਂ ਲੋਕਾਂ ਨੂੰ ਮੁਕਤੀ ਦਿਵਾਈ ਜਾਵੇਗੀ | ਵਾਰਡ ਨਿਵਾਸੀਆਂ, ਖ਼ਾਸ ਕਰ ਕੇ ਮਹਿਲਾਵਾਂ ਦੀ ਸੁਰੱਖਿਆ ਲਈ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਤੇ ਪੁਲਿਸ ਪੈਟਰੋਲਿੰਗ ਵਧਾਉਣ ਦੇ ਨਾਲ-ਨਾਲ ਨੌਜਵਾਨਾਂ, ਬੀਬੀਆਂ ਤੇ ਬਜ਼ੁਰਗਾਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਦੀ ਵਚਨਬੱਧਤਾ ਵੀ ਦੁਹਰਾਈ ਗਈ | ਸੈਣੀ ਨੇ ਆਖਿਆ ਕਿ ਉਹ ਵਾ. ਨੰ. 10 ਨੂੰ ਆਪਣਾ ਚੋਣ ਹਲਕਾ ਨਹੀਂ ਬਲਕਿ ਆਪਣਾ ਪਰਿਵਾਰ ਸਮਝਦੇ ਹਨ ਤੇ ਹਰ ਨਾਗਰਿਕ ਨਾਲ ਉਨ੍ਹਾਂ ਦੀ ਭਾਈਚਾਰਕ ਸਾਂਝ ਹੈ, ਜਿਸ ਸਦਕਾ ਅੱਜ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੂੰ ਪੂਰੇ ਵਾਰਡ 'ਚੋਂ ਭਰਵਾਂ ਅਤੇ ਜ਼ੋਰਦਾਰ ਸਮਰਥਨ ਮਿਲ ਰਿਹਾ ਹੈ |