ਕੁਰਾਲੀ, 21 ਮਈ (ਬਿੱਲਾ ਅਕਾਲਗੜ੍ਹੀਆ)- ਸਥਾਨਕ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਅੱਜ ਭਾਜਪਾ ਦੇ ਸੀਨੀਅਰ ਆਗੂ ਰਣਜੀਤ ਸਿੰਘ ਗਿੱਲ ਵਲੋਂ ਆਪਣੀ ਸਮੁੱਚੀ ਟੀਮ ਨਾਲ ਵਾਰਡ ਨੰ. 5 ਤੋਂ ਭਾਜਪਾ ਉਮੀਦਵਾਰ ਲਖਵਿੰਦਰ ਕੌਰ ਠਾਕੁਰ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਗਿੱਲ ਨੇ ਕਿਹਾ ਕਿ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਨਗਰ ਕੌਂਸਲ ਦੀ ਵਾਗਡੋਰ ਭਾਜਪਾ ਨੂੰ ਸੌਂਪਣਾ ਸਮੇਂ ਦੀ ਲੋੜ ਹੈ ਤਾਂ ਜੋ ਸ਼ਹਿਰ ਨੂੰ ਵਿਕਾਸ ਪੱਖੋਂ ਮੋਹਰੀ ਬਣਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਵਾ. ਨੰ. 5 ਤੋਂ ਭਾਜਪਾ ਉਮੀਦਵਾਰ ਠਾਕੁਰ ਦੇ ਪਤੀ ਤੇ ਸਾਬਕਾ ਕੌਂਸਲਰ ਦਵਿੰਦਰ ਸਿੰਘ ਠਾਕੁਰ ਨੇ ਆਪਣੇ ਕਾਰਜਕਾਲ ਦੌਰਾਨ ਵਾਰਡ 'ਚ ਰਿਕਾਰਡ ਵਿਕਾਸ ਕਾਰਜ ਕਰਵਾਏ ਸਨ | ਇਸ ਦੌਰਾਨ ਉਨ੍ਹਾਂ ਵਾਰਡ ਦੇ ਵਾਰਡ ਵਾਸੀਆਂ ਨੂੰ ਵਿਕਾਸ ਦੀ ਗਤੀ ਹੋਰ ਤੇਜ਼ ਕਰਨ ਲਈ ਲਖਵਿੰਦਰ ਕੌਰ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਕ ਵਾਰ ਫਿਰ ਮੌਕਾ ਦਿੱਤਾ ਜਾਵੇ ਤਾਂ ਜੋ ਵਾਰਡ ਦੇ ਬਾਕੀ ਰਹਿੰਦੇ ਵਿਕਾਸ ਕਾਰਜ ਵੀ ਪੂਰੇ ਕਰਵਾਏ ਜਾ ਸਕਣ | ਇਸ ਦੌਰਾਨ ਦਵਿੰਦਰ ਸਿੰਘ ਠਾਕੁਰ ਨੇ ਹਾਜ਼ਰ ਵਾਰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੀ 26 ਮਈ ਨੂੰ ਉਨ੍ਹਾਂ ਦੀ ਪਤਨੀ ਨੂੰ ਆਪਣੀ ਕੀਮਤੀ ਵੋਟ ਪਾ ਕੇ ਕਾਮਯਾਬ ਬਣਾਇਆ ਜਾਵੇ | ਇਸ ਮੌਕੇ ਵੱਡੀ ਗਿਣਤੀ ਵਿਚ ਵਾਰਡ ਵਾਸੀ ਹਾਜ਼ਰ ਸਨ |