ਲਾਲੜੂ, 21 ਮਈ (ਰਾਜਬੀਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਤੇ ਸਾਬਕਾ ਹਲਕਾ ਵਿਧਾਇਕ ਐਨ. ਕੇ. ਸ਼ਰਮਾ ਨੇ ਕਿਹਾ ਕਿ ਅੱਜ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਦੌਰਾਨ ਕਾਂਗਰਸ ਤੇ ਆਮ ਆਦਮੀ ਪਾਰਟੀ ਕੋਲ ਗਿਨਵਾਉਣ ਲਈ ਕੋਈ ਵਿਕਾਸ ਕਾਰਜ ਨਹੀਂ ਹੈ | ਇਨ੍ਹਾਂ ਚੋਣਾਂ 'ਚ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਇਕ ਅਜਿਹੀ ਪਾਰਟੀ ਹੈ ਜੋ ਵਿਕਾਸ ਦੇ ਏਜੰਡੇ 'ਤੇ ਚੋਣਾਂ ਲੜ ਰਹੀ ਹੈ | ਸ਼ਰਮਾ ਅੱਜ ਇਥੇ ਪਾਰਟੀ ਉਮੀਦਵਾਰ ਰਮਨਪ੍ਰੀਤ ਕੌਰ ਦੇ ਸਮਰਥਨ 'ਚ ਘੋਲੂਮਾਜਰਾ ਵਿਖੇ ਜਨਤਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ | ਇਸ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਵੀ ਅਕਾਲੀ ਦਲ ਦੀ ਸਰਕਾਰ ਸੱਤਾ ਵਿਚ ਆਈ ਹੈ, ਲਾਲੜੂ ਇਲਾਕੇ 'ਚ ਵਿਕਾਸ ਹੋਇਆ ਹੈ ਤੇ ਅਕਾਲੀ ਦਲ ਦੇ ਉਮੀਦਵਾਰ ਹੁਣ ਆਪਣੇ ਵਿਕਾਸ ਏਜੰਡੇ ਨਾਲ ਹਰ ਵਾਰਡ 'ਚ ਲੋਕਾਂ ਤੱਕ ਪਹੁੰਚ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਰਫ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਈ ਹੈ | ਸਾਬਕਾ ਵਿਧਾਇਕ ਨੇ ਕਿਹਾ ਕਿ ਅੱਜ ਹਾਲਾਤ ਅਜਿਹੇ ਹਨ ਕਿ ਕਾਂਗਰਸ ਦਾ ਨਾਂਅ ਲੈਣ ਵਾਲਾ ਕੋਈ ਨਹੀਂ ਹੈ | ਉਨ੍ਹਾਂ ਅੱਜ ਦੱਪਰ, ਆਲਮਗੀਰ, ਡਹਿਰ, ਮਗਰਾ, ਬੱਸੀ, ਜਲਾਲਪੁਰ ਤੇ ਲਾਲੜੂ ਸਮੇਤ ਵੱਖ-ਵੱਖ ਵਾਰਡਾਂ ਵਿਚ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕੀਤਾ | ਇਸ ਮੌਕੇ ਸੀਨੀਅਰ ਅਕਾਲੀ ਆਗੂ ਕਿ੍ਸ਼ਨ ਪਾਲ ਸ਼ਰਮਾ, ਮਨਜੀਤ ਸਿੰਘ ਮਲਕਪੁਰ, ਗੁਰਬਿੰਦਰ ਹਸਨਪੁਰ, ਸੰਜੂ ਪ੍ਰਜਾਪਤ, ਬੱਲੂ ਰਾਣਾ, ਮਨੀਸ਼ ਰਾਣਾ, ਰਘੁਬੀਰ ਜੁਨੇਜਾ, ਰੋਹਿਤ ਰਤਨ, ਕੁਲਦੀਪ ਸ਼ਰਮਾ ਸਮੇਤ ਕਈ ਆਗੂ ਮੌਜੂਦ ਸਨ |