ਚੰਡੀਗੜ੍ਹ, 26 ਮਈ (ਸੰਦੀਪ ਕੁਮਾਰ ਮਾਹਨਾ)- ਚੰਡੀਗੜ੍ਹ 'ਚ ਆਬਕਾਰੀ ਨੀਤੀ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ-ਕਮ-ਆਬਕਾਰੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਦੀ ਅਗਵਾਈ ਹੇਠ ਸ਼ਰਾਬ ਲਾਇਸੈਂਸ ਧਾਰਕਾਂ ਦੀ ਅਹਿਮ ਮੀਟਿੰਗ ਹੋਈ, ਜਿਸ 'ਚ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ | ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਰੀਲ ਦਾ ਗੰਭੀਰ ਨੋਟਿਸ ਲਿਆ, ਜਿਸ ਵਿਚ ਇਕ ਸ਼ਰਾਬ ਵਿਕਰੇਤਾ ਵਲੋਂ ਬ੍ਰਾਂਡ ਪ੍ਰਮੋਸ਼ਨ ਦੇ ਨਾਂ 'ਤੇ ਮੁਫ਼ਤ ਸ਼ਰਾਬ ਪਰੋਸਦੇ ਹੋਏ ਦਿਖਾਇਆ ਗਿਆ ਸੀ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਦੋਸ਼ੀ ਖ਼ਿਲਾਫ਼ ਐਫ਼.ਆਈ.ਆਰ ਦਰਜ ਕੀਤੀ ਜਾ ਚੁੱਕੀ ਹੈ ਅਤੇ ਮਾਮਲੇ ਵਿਚ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਡੀ.ਸੀ ਨਿਸ਼ਾਂਤ ਕੁਮਾਰ ਯਾਦਵ ਨੇ ਸਪਸ਼ਟ ਕੀਤਾ ਕਿ ਆਬਕਾਰੀ ਨੀਤੀ ਦੀ ਕਿਸੇ ਵੀ ਧਾਰਾ ਦੀ ਉਲੰਘਣਾ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਸਾਰੇ ਲਾਇਸੈਂਸ ਧਾਰਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਲਾਇਸੈਂਸ ਰੱਦ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਭਵਿੱਖ ਦੀਆਂ ਅਲਾਟਮੈਂਟ ਅਤੇ ਲਾਇਸੈਂਸ ਪ੍ਰਕਿਰਿਆਵਾਂ ਤੋਂ ਬਲੈਕ ਲਿਸਟ ਵੀ ਕੀਤਾ ਜਾ ਸਕਦਾ ਹੈ | ਮੀਟਿੰਗ ਦੌਰਾਨ ਸਾਰੇ ਲਾਇਸੈਂਸ ਧਾਰਕਾਂ ਨੂੰ ਸ਼ਰਾਬ ਦੀ ਨਿਰਧਾਰਿਤ ਘੱਟੋ-ਘੱਟ ਵਿੱਕਰੀ ਕੀਮਤ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ | ਉਨ੍ਹਾਂ ਕਿਹਾ ਕਿ ਨੋਟੀਫਾਈ ਕੀਤੀ ਕੀਮਤ ਤੋਂ ਘੱਟ 'ਤੇ ਵਿੱਕਰੀ ਜਾਂ ਕੀਮਤਾਂ 'ਚ ਕਿਸੇ ਵੀ ਤਰਾਂ ਦੀ ਗੜਬੜ ਕਰਨ ਵਾਲਿਆਂ ਖ਼ਿਲਾਫ਼ ਆਬਕਾਰੀ ਨੀਤੀ ਤਹਿਤ ਸਖ਼ਤ ਦੰਡਾਤਮਕ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਆਬਕਾਰੀ ਵਿਭਾਗ ਵਲੋਂ ਲਾਗੂ ਕੀਤੇ ਗਏ ਰੀਅਲ-ਟਾਈਮ ਸਟਾਕ ਅਪਡੇਸ਼ਨ ਸਿਸਟਮ ਬਾਰੇ ਵੀ ਜਾਣਕਾਰੀ ਦਿੱਤੀ ਗਈ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪ੍ਰਣਾਲੀ ਰਾਹੀਂ ਸ਼ਰਾਬ ਦੇ ਸਟਾਕ ਦੀ ਪ੍ਰਭਾਵਸ਼ਾਲੀ ਨਿਗਰਾਨੀ ਅਤੇ ਪਾਰਦਰਸ਼ਤਾ ਯਕੀਨੀ ਬਣਾਈ ਜਾਵੇਗੀ | ਸਾਰੇ ਲਾਇਸੈਂਸ ਧਾਰਕਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਨਿਰਧਾਰਿਤ ਪਲੇਟਫ਼ਾਰਮ 'ਤੇ ਆਪਣੇ ਸਟਾਕ ਦੀ ਸਮੇਂ ਸਿਰ ਅਤੇ ਸਹੀ ਅਪਡੇਟਿੰਗ ਯਕੀਨੀ ਬਣਾਉਣ | ਉਨ੍ਹਾਂ ਕਿਹਾ ਕਿ ਲਾਇਸੈਂਸ ਧਾਰਕਾਂ 'ਚ ਸਿਹਤਮੰਦ ਅਤੇ ਨਿਰਪੱਖ ਮੁਕਾਬਲੇ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ, ਪਰ ਲੋਕ ਹਿੱਤ ਅਤੇ ਪ੍ਰਸ਼ਾਸਨਿਕ ਅਨੁਸ਼ਾਸਨ ਦੇ ਵਿਰੁੱਧ ਕਿਸੇ ਵੀ ਗਤੀਵਿਧੀ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ |