ਚੰਡੀਗੜ, 30 ਮਈ (ਅਜੀਤ ਬਿਊਰੋ) - ਪੰਜਾਬ ਦੇ ਰਾਜਪਾਲ ਤੇ ਯੂ.ਟੀ. ਚੰਡੀਗੜ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਪੰਜਾਬ ਲੋਕ ਭਵਨ ਚੰਡੀਗੜ ਵਿਖੇ ਦ ਪੰਜਾਬ ਪਬਲਿਕ ਸਕੂਲ ਨਾਭਾ ਦੇ ਹੋਣਹਾਰ ਵਿਦਿਆਰਥੀਆਂ ਨੂੰ ਆਈ.ਐੱਸ.ਸੀ., ਆਈ.ਸੀ.ਐੱਸ.ਈ. ਤੇ ਸੀ.ਏ.ਆਈ.ਈ. ਪ੍ਰੀਖਿਆਵਾਂ ਵਿਚ ਚੰਗਾ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ | ਇਸ ਮੌਕੇ ਲਗਭਗ 53 ਵਿਦਿਆਰਥੀਆਂ ਨੂੰ ਬੈਚ ਟੌਪਰ, ਸਟ੍ਰੀਮ ਟੌਪਰ, ਸੀ.ਏ.ਆਈ.ਈ. ਟੌਪਰ ਤੇ ਉੱਚ ਉਪਲਬਧੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਸਹਿਤ ਵਿਭਿੰਨ ਸ਼੍ਰੇਣੀਆਂ ਵਿਚ ਸਨਮਾਨਿਤ ਕੀਤਾ ਗਿਆ | ਪੰਜਾਬ ਦੇ ਰਾਜਪਾਲ, ਜੋ ਸਕੂਲ ਬੋਰਡ ਦੇ ਚੇਅਰਮੈਨ ਵੀ ਹਨ, ਨੇ ਵਿਦਿਆਰਥੀਆਂ ਨੂੰ ਉਨਾਂ ਦੀਆਂ ਉਪਲਬਧੀਆਂ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਉਨਾਂ ਦੀ ਸਫ਼ਲਤਾ ਸਖ਼ਤ ਮਿਹਨਤ, ਅਨੁਸ਼ਾਸਨ ਤੇ ਸਮਰਪਣ ਦਾ ਪਰਿਣਾਮ ਹੈ | ਉਨਾਂ ਨੇ ਸਕੂਲ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 1 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ ਤੇ ਸਕੂਲ ਦੇ ਵਿਆਪਕ ਕਾਇਆਕਲਪ ਲਈ ਵੱਖ਼-ਵੱਖ ਸਰੋਤਾਂ ਤੋਂ 5 ਕਰੋੜ ਰੁਪਏ ਦੀ ਸਹਾਇਤਾ ਉਪਲਬਧ ਕਰਵਾਉਣ ਦਾ ਭਰੋਸਾ ਵੀ ਦਿੱਤਾ | ਮੁੱਖ ਅਧਿਆਪਕ ਦੀ ਬੇਨਤੀ 'ਤੇ ਉਨਾਂ ਨੇ ਪਿੱਕਲਬਾਲ ਸਪੋਰਟਸ ਬੁਨਿਆਦੀ ਢਾਂਚੇ ਦੇ ਵਿਕਾਸ ਹਿਤ 10 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ | ਸਕੂਲ ਦੇ ਅਕਾਦਮਿਕ ਪ੍ਰਦਰਸ਼ਨ ਦਾ ਉਲੇਖ ਕਰਦੇ ਹੋਏ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਆਈ.ਐੱਸ.ਸੀ ਪਰੀਖਿਆਵਾਂ 'ਚ ਸ਼ਾਮਲ ਹੋਏ ਸਾਰੇ 99 ਵਿਦਿਆਰਥੀਆਂ ਨੇ ਡਿਸਟਿੰਕਸ਼ਨ ਨਾਲ ਪਰੀਖਿਆ ਪਾਸ ਕੀਤੀ ਤੇ ਬੈਚ ਦਾ ਔਸਤ ਪਰਿਣਾਮ 91 ਪ੍ਰਤੀਸ਼ਤ ਰਿਹਾ | ਪੀ.ਪੀ.ਐੱਸ. ਨਾਭਾ ਦੇ ਹੈੱਡਮਾਸਟਰ, ਡਾ. ਡੀ.ਸੀ. ਸ਼ਰਮਾ ਨੇ ਧੰਨਵਾਦ ਪ੍ਰਸਤਾਵ ਪ੍ਰਸਤੁਤ ਕਰਦੇ ਹੋਏ ਰਾਜਪਾਲ ਦਾ ਆਭਾਰ ਵਿਅਕਤ ਕੀਤਾ | ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਤੇ ਬੋਰਡ ਆਵ ਗਵਰਨਰਸ ਦੀ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਜੈ ਸਿੰਘ ਗਿੱਲ, ਡਾ. ਸੁਮੇਰ ਸਿੰਘ ਮੈਂਬਰ, ਸੁਖਵਿੰਦਰ ਕੌਰ ਪੀ.ਸੀ.ਐੱਸ ਮੈਂਬਰ ਤੇ ਸਕੂਲ ਫੈਕਲਟੀ ਦੇ ਮੈਂਬਰ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ |