ਐੱਸ. ਏ. ਐੱਸ. ਨਗਰ, 1 ਜੂਨ (ਕਪਿਲ ਵਧਵਾ)-ਥਾਣਾ ਸੋਹਾਣਾ ਵਿਖੇ ਤਾਇਨਾਤ ਇਕ ਪੁਲਿਸ ਅਧਿਕਾਰੀ ਨੂੰ ਤੇਜ਼ ਰਫ਼ਤਾਰ ਕਾਰ ਵਲੋਂ ਟੱਕਰ ਮਾਰ ਕੇ ਜ਼ਖ਼ਮੀ ਕੀਤੇ ਜਾਣ ਦੇ ਮਾਮਲੇ ਵਿਚ ਪੁਲਿਸ ਨੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸਬ-ਇੰਸਪੈਕਟਰ ਤਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਥਾਣਾ ਸੋਹਾਣਾ ਵਿਖੇ ਤਾਇਨਾਤ ਹੈ | ਉਹ ਵੇਵ ਅਸਟੇਟ ਨੇੜੇ ਨਾਕਾ ਡਿਊਟੀ ਖ਼ਤਮ ਕਰਕੇ ਆਪਣੀ ਗੱਡੀ ਤੋਂ ਉਤਰ ਕੇ ਵਰਦੀ ਵਿਚ ਹੀ ਥਾਣੇ ਅੰਦਰ ਜਾ ਰਹੇ ਸਨ ਤੇ ਇਸ ਦੌਰਾਨ ਅਮਿਟੀ ਸਕੂਲ ਵਲੋਂ ਆ ਰਹੀ ਇਕ ਚਿੱਟੇ ਰੰਗ ਦੀ ਅਰਟਿਗਾ ਕਾਰ ਨੂੰ ਦੇਖ ਕੇ ਉਨਾਂ ਸੜਕ ਪਾਰ ਕਰਨ ਲਈ ਇਸ਼ਾਰਾ ਕੀਤਾ ਪਰ ਕਾਰ ਚਾਲਕ ਨੇ ਇਸ਼ਾਰੇ ਦੀ ਪ੍ਰਵਾਹ ਨਾ ਕਰਦਿਆਂ ਲਾਪ੍ਰਵਾਹੀ ਵਰਤਦੇ ਹੋਏ ਤੇਜ਼ ਰਫ਼ਤਾਰ ਕਾਰ ਨਾਲ ਉਸ ਦੀ ਖੱਬੀ ਲੱਤ ਨੂੰ ਟੱਕਰ ਮਾਰ ਦਿੱਤੀ | ਟੱਕਰ ਦੌਰਾਨ ਕਾਰ ਦਾ ਟਾਇਰ ਉਸ ਦੇ ਖੱਬੇ ਪੈਰ ਉੱਪਰੋਂ ਦੀ ਲੰਘ ਗਿਆ ਤੇ ਉਹ ਸੜਕ 'ਤੇ ਡਿੱਗ ਪਿਆ | ਹਾਦਸੇ ਵਿਚ ਪੁਲਿਸ ਅਧਿਕਾਰੀ ਦੀ ਲੱਤ ਤੇ ਪੈਰ 'ਤੇ ਸੱਟਾਂ ਲੱਗੀਆਂ | ਜ਼ਖ਼ਮੀ ਹਾਲਤ ਵਿਚ ਉਨਾਂ ਨੂੰ ਉਨਾਂ ਦੇ ਭਾਣਜੇ ਕਾਰਤਿਕ ਚੌਧਰੀ ਉਰਫ਼ ਰਿੱਕੀ ਵਲੋਂ ਸਿਵਲ ਹਸਪਤਾਲ ਫੇਜ਼-6 ਮੁਹਾਲੀ ਵਿਖੇ ਦਾਖ਼ਲ ਕਰਵਾਇਆ ਗਿਆ | ਸ਼ਿਕਾਇਤਕਰਤਾ ਅਨੁਸਾਰ ਹਾਦਸੇ ਵਾਲੀ ਟੈਕਸੀ ਕਾਰ ਨੂੰ ਗੁਰਪ੍ਰੀਤ ਸਿੰਘ ਵਾਸੀ ਭਾਗੋਮਾਜਰਾ ਚਲਾ ਰਿਹਾ ਸੀ | ਥਾਣਾ ਸੋਹਾਣਾ ਦੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਗੁਰਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ ਹੈ |