15 ਨਵੰਬਰ ਨੂੰ ਬਰਵਾਲਾ ਵਿਖੇ ਹੋਵੇਗਾ ਸਰਕਲ ਕਬੱਡੀ ਟੂਰਨਾਮੈਂਟ ਜੇਤੂ ਟੀਮ ਨੂੰ ਮਿਲੇਗਾ 2 ਲੱਖ ਰੁਪਏ ਦਾ ਇਨਾਮ
ਪੰਚਕੂਲਾ, 18 ਅਕਤੂਬਰ (ਕਪਿਲ)- ਸਪੋਰਟਸ ਪ੍ਰਮੋਸ਼ਨ ਸੁਸਾਇਟੀ ਪੰਚਕੂਲਾ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦੌਰਾਨ ਕਈ ਅਹਿਮ ਫ਼ੈਸਲੇ ਲਏ ਗਏ। ਸੁਸਾਇਟੀ ਦੇ ਚੇਅਰਮੈਨ ਅਤੇ ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਗਿਆਨ ਚੰਦ ਗੁਪਤਾ ਨੇ ਦੱਸਿਆ ਕਿ ਆਉਂਦੀ 15 ਨਵੰਬਰ ਨੂੰ ਪੰਚਕੂਲਾ ਦੇ ਪਿੰਡ ਬਰਵਾਲਾ ਵਿਖੇ ਸਰਕਲ ਕਬੱਡੀ ਟੂਰਨਾਮੈਂਟ ਕਰਵਾਇਆ ਜਾਵੇਗਾ।
ਪੰਚਕੂਲਾ, 18 ਅਕਤੂਬਰ (ਕਪਿਲ)- ਸਪੋਰਟਸ ਪ੍ਰਮੋਸ਼ਨ ਸੁਸਾਇਟੀ ਪੰਚਕੂਲਾ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦੌਰਾਨ ਕਈ ਅਹਿਮ ਫ਼ੈਸਲੇ ਲਏ ਗਏ। ਸੁਸਾਇਟੀ ਦੇ ਚੇਅਰਮੈਨ ਅਤੇ ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਗਿਆਨ ਚੰਦ ਗੁਪਤਾ ਨੇ ਦੱਸਿਆ ਕਿ ਆਉਂਦੀ 15 ਨਵੰਬਰ ਨੂੰ ਪੰਚਕੂਲਾ ਦੇ ਪਿੰਡ ਬਰਵਾਲਾ ਵਿਖੇ ਸਰਕਲ ਕਬੱਡੀ ਟੂਰਨਾਮੈਂਟ ਕਰਵਾਇਆ ਜਾਵੇਗਾ। ਇਸ ਖੇਤਰ ਵਿਚ ਪਹਿਲੀ ਵਾਰ ਸਰਕਲ ਕਬੱਡੀ ਟੂਰਨਾਮੈਂਟ ਦਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਗਿਆਨ ਚੰਦ ਗੁਪਤਾ ਨੇ ਦੱਸਿਆ ਕਿ ਟੂਰਨਾਮੈਂਟ ਵਿਚ ਜੇਤੂ ਟੀਮ ਨੂੰ 2 ਲੱਖ ਰੁ., ਉਪ ਜੇਤੂ ਟੀਮ ਨੂੰ 1 ਲੱਖ ਰੁ. ਅਤੇ ਤੀਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 51 ਹਜ਼ਾਰ ਰੁ. ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਇਹ ਇਨਾਮੀ ਰਾਸ਼ੀ ਸਪੋਰਟਸ ਪ੍ਰਮੋਸ਼ਨ ਸੁਸਾਇਟੀ ਵਲੋਂ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਹਰਿਆਣਾ ਅਤੇ ਚੰਡੀਗੜ੍ਹ ਦੀਆਂ ਟੀਮਾਂ ਹਿੱਸਾ ਲੈਣਗੀਆਂ। ਟੂਰਨਾਮੈਂਟ ਵਿਚ ਭਾਗ ਲੈਣ ਲਈ 500 ਰੁ. ਐਂਟਰੀ ਫ਼ੀਸ ਨਿਰਧਾਰਤ ਕੀਤੀ ਗਈ ਹੈ। ਸਾਰੇ ਖਿਡਾਰੀਆਂ ਲਈ ਆਪਣਾ ਆਧਾਰ ਕਾਰਡ ਅਤੇ ਪਛਾਣ ਪੱਤਰ ਨਾਲ ਲਿਆਉਣਾ ਲਾਜ਼ਮੀ ਹੋਵੇਗਾ। ਗਿਆਨ ਚੰਦ ਗੁਪਤਾ ਨੇ ਕਬੱਡੀ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਖੇਡ ਸਮਾਗਮ ਵਿਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਕਬੱਡੀ ਦੇ ਰੋਮਾਂਚਕ ਮੁਕਾਬਲਿਆਂ ਦਾ ਆਨੰਦ ਮਾਨਣ।