ਐੱਸ.ਏ.ਐੱਸ. ਨਗਰ, 18 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)- ਮਿਸਰ ਦੇ ਕਾਹਿਰਾ ਵਿਖੇ ਸਮਾਪਤ ਹੋਈ ਬੀ. ਡਬਲਯੂ. ਐੱਫ਼. ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਮੈਡਲ ਜਿੱਤਣ ਵਾਲੇ ਪੰਜਾਬ ਦੇ ਨਾਭਾ ਦੇ 17 ਵਰਿ੍ਹਆਂ ਦੇ ਨੌਜਵਾਨ ਬੈਡਮਿੰਟਨ ਖਿਡਾਰੀ ਜਗਸ਼ੇਰ ਸਿੰਘ ਖੰਗੂੜਾ ਦਾ ਅੱਜ ਐੱਸ. ਏ. ਐੱਸ. ਨਗਰ ਦੇ ਸ਼ਹੀਦ ਭਗਤ ਸਿੰਘ ਅੰਤਰ ਰਾਸ਼ਟਰੀ ਏਅਰਪੋਰਟ ਪਹੁੰਚਣ ’ਤੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਵਿਚ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਫੁਲਾ ਨਾਲ ਸਜੀ ਖੁੱਲ੍ਹੀ ਜੀਪ ਵਿਚ ਬਿਠਾ ਕੇ ਮੁਹਾਲੀ ਸ਼ਹਿਰ ਦਾ ਚੱਕਰ ਲਗਾਇਆ ਗਿਆ। ਇਸ ਮੌਕੇ ਏਅਰ ਪੋਰਟ ’ਤੇ ਇਕੱਤਰ ਹੋਏ ਖੇਡ ਪ੍ਰੇਮੀਆਂ ਨੇ ਫੁੱਲਾ ਦੇ ਹਾਰ ਪਾ ਕੇ ਤੇ ਫੁੱਲਾ ਦੀ ਵਰਖਾ ਕਰਕੇ ਅਤੇ ਮਠਿਆਈਆਂ ਵੰਡ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ । ਜਿੱਤ ਦੀ ਖੁਸ਼ੀ ਵਿਚ ਢੋਲ ਡੰਗੇ ਤੇ ਭੰਗੜੇ ਪਾਏ ਗਏ। ਇਸ ਮੌਕੇ ਉਸਦੇ ਮਾਪੇ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਅਤੇ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ। ਮੁਹਾਲੀ ਏਅਰਪੋਰਟ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਸ਼ੇਰ ਸਿੰਘ ਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ-ਪਿਤਾ ਦੀ ਹੱਲਾਸ਼ੇਰੀ ਤੇ ਮਿਹਨਤ ਅਤੇ ਕੋਚਾਂ ਵਲੋਂ ਕਰਵਾਏ ਸਖ਼ਤ ਅਭਿਆਸ ਨੂੰ ਦਿੱਤਾ। ਇਸ ਮੌਕੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਜਗਸ਼ੇਰ ਸਿੰਘ ਦੀ ਇਸ ਇਤਿਹਾਸਕ ਪ੍ਰਾਪਤੀ ਲਈ ਨੂੰ ਜਗਸ਼ੇਰ ਸਿੰਘ ਅਤੇ ਉਨ੍ਹਾਂ ਦੇ ਮਾਪਿਆਂ, ਕੋਚਾਂ ਤੇ ਬੈਡਮਿੰਟਨ ਐਸੋਸੀਏਸ਼ਨ ਅਤੇ ਪੰਜਾਬ ਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਜਗਸ਼ੇਰ ਸਿੰਘ ਨੇ ਪੂਰੀ ਦੁਨੀਆ ਵਿਚ ਭਾਰਤ, ਪੰਜਾਬ ਅਤੇ ਆਪਣੇ ਮਾਪਿਆਂ ਦਾ ਨਾਂ ਰੁਸ਼ਨਾਇਆ ਹੈ। ਜ਼ਿਕਰਯੋਗ ਹੈ ਕਿ ਇਸ ਵੱਕਾਰੀ ਚੈਂਪੀਅਨਸ਼ਿਪ ਦੇ ਮੁੰਡਿਆਂ ਦੇ ਸਿੰਗਲਜ਼ ਮੁਕਾਬਲੇ ਵਿਚ ਤਮਗ਼ਾ ਜਿੱਤਣ ਵਾਲਾ ਜਗਸ਼ੇਰ ਸਿੰਘ 9ਵਾਂ ਭਾਰਤੀ ਤੇ ਪਹਿਲਾ ਪੰਜਾਬੀ ਖਿਡਾਰੀ ਹੈ।