ਐੱਸ. ਏ. ਐੱਸ. ਨਗਰ, 7 ਜੂਨ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਵਿਚ ਪੈ ਰਹੀ ਤਪਦੀ ਗਰਮੀ ਵੀ ਐਤਵਾਰ ਨੂੰ ਕਿ੍ਕਟ ਪ੍ਰੇਮੀਆਂ ਦੇ ਉਤਸ਼ਾਹ ਨੂੰ ਨਹੀਂ ਰੋਕ ਸਕੀ | ਭਾਰਤ ਅਤੇ ਅਫ਼ਗ਼ਾਨਿਸਤਾਨ ਵਿਚਾਲੇ ਖੇਡੇ ਜਾ ਰਹੇ ਇਕਲੌਤੇ ਟੈਸਟ ਮੈਚ ਦੇ ਦੂਜੇ ਦਿਨ ਨਿਊ ਚੰਡੀਗੜ੍ਹ ਸਥਿਤ ਅੰਤਰਰਾਸ਼ਟਰੀ ਕਿ੍ਕਟ ਸਟੇਡੀਅਮ ਵਿਖੇ ਅੱਜ 10 ਹਜ਼ਾਰ ਦੇ ਕਰੀਬ ਦਰਸ਼ਕਾਂ ਨੇ ਹਾਜ਼ਰੀ ਲਗਾ ਕੇ ਕਿ੍ਕਟ ਪ੍ਰਤੀ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ | ਮੈਚ ਦੇ ਦੂਜੇ ਦਿਨ ਦਾ ਦਾ ਆਗਾਜ਼ ਪੀ. ਸੀ. ਏ. ਦੇ ਆਨਰੇਰੀ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਰਵਾਇਤੀ ਘੰਟੀ ਵਜਾ ਕੇ ਕੀਤਾ | ਇਸ ਦੌਰਾਨ ਮੀਤ ਹੇਅਰ ਨੇ ਅਫ਼ਗ਼ਾਨਿਸਤਾਨ ਤੋਂ ਆਪਣੀ ਟੀਮ ਦਾ ਹੌਸਲਾ ਵਧਾਉਣ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਕਿ੍ਕਟ ਪ੍ਰੇਮੀ ਖਿਆਲ ਮੁਹੰਮਦ ਦਾ ਪੀ. ਸੀ. ਏ. ਦਫ਼ਤਰ ਵਿਖੇ ਸਨਮਾਨ ਵੀ ਕੀਤਾ | ਇਸ ਮੌਕੇ ਮੀਤ ਹੇਅਰ ਨੇ ਕਿਹਾ ਕਿ ਅਜਿਹਾ ਜਜ਼ਬਾ ਹੀ ਕਿ੍ਕਟ ਨੂੰ ਸਰਹੱਦਾਂ ਤੋਂ ਉੱਪਰ ਉਠਾ ਕੇ ਲੋਕਾਂ ਨੂੰ ਜੋੜਨ ਵਾਲੀ ਖੇਡ ਬਣਾਉਂਦਾ ਹੈ | ਦਰਸ਼ਕਾਂ ਦੇ ਇਕੱਠ ਤੋਂ ਉਤਸ਼ਾਹਿਤ ਪੀ. ਸੀ. ਏ. ਦੇ ਪ੍ਰਬੰਧਕਾਂ ਨੇ ਕਿਹਾ ਕਿ ਦਰਸ਼ਕਾਂ ਦਾ ਉਤਸ਼ਾਹ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਦੇ 31ਵੇਂ ਟੈਸਟ ਮੇਜ਼ਬਾਨ ਵਜੋਂ ਨਿਊ ਚੰਡੀਗੜ੍ਹ ਦੀ ਸ਼ੁਰੂਆਤ ਨੂੰ ਕਿ੍ਕਟ ਪ੍ਰੇਮੀਆਂ ਵਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ ਤੇ ਨਿਊ ਚੰਡੀਗੜ੍ਹ ਵਿਚ ਟੈਸਟ ਮੈਚ ਦੇ ਦੂਜੇ ਦਿਨ ਨੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਟੈਸਟ ਕਿ੍ਕਟ ਅੱਜ ਵੀ ਦਰਸ਼ਕਾਂ ਦੀ ਪਸੰਦ ਹੈ ਤੇ ਲੋਕਾਂ ਦੇ ਦਿਲਾਂ ਵਿਚ ਵੱਸਦੀ ਹੈ | ਇਸ ਦੌਰਾਨ ਸਟੇਡੀਅਮ 'ਚ ਮੌਜੂਦ ਦਰਸ਼ਕਾਂ ਵਲੋਂ ਤਪਦੀ ਧੁੱਪ ਦੇ ਬਾਵਜੂਦ ਭਾਰਤੀ ਖਿਡਾਰੀਆਂ ਵਲੋਂ ਚੌਕੇ ਛੱਕੇ ਲਗਾਉਣ ਤੇ ਵਿਕਟ ਲੈਣ 'ਤੇ ਤਿਰੰਗਾ ਝੰਡਾ ਲਹਿਰਾ ਕੇ, ਨਾਅਰੇ ਲਗਾ ਕੇ ਤੇ ਤਾਲੀਆਂ ਵਜਾ ਕੇ ਭਾਰਤੀ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕੀਤੀ ਜਾਂਦੀ ਰਹੀ ਅਤੇ ਉਨ੍ਹਾਂ ਵਲੋਂ ਉੱਚ ਪੱਧਰੀ ਟੈਸਟ ਕਿ੍ਕਟ ਦਾ ਆਨੰਦ ਮਾਣਿਆ ਗਿਆ |