ਐੱਸ. ਏ. ਐੱਸ. ਨਗਰ, 8 ਜੂਨ (ਪ੍ਰੋ. ਅਵਤਾਰ ਸਿੰਘ)- ਮੁਹਾਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਨੂੰ ਲੈ ਕੇ ਸਥਿਤੀ ਬੇਹੱਦ ਭੰਬਲ-ਭੂਸੇ ਵਾਲੀ ਬਣੀ ਹੋਈ ਹੈ | ਜਿਥੇ ਇਕ ਪਾਸੇ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਆਪਣੇ ਪੁੱਤਰ ਸਰਬਜੀਤ ਸਿੰਘ ਸਮਾਣਾ ਨੂੰ ਮੇਅਰ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਉੱਥੇ ਦੂਜੇ ਪਾਸੇ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਮੇਅਰ ਦੀ ਕੁਰਸੀ ਹਾਸਿਲ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੇ ਹਨ | ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 'ਆਪ' ਦੇ ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਅੱਜ ਮੰਗਲਵਾਰ ਨੂੰ ਹੋਣ ਵਾਲੀ ਮੇਅਰ ਦੀ ਚੋਣ ਤੋਂ ਪਹਿਲਾਂ ਹਲਕਾ ਵਿਧਾਇਕ ਕੁਲਵੰਤ ਸਿੰਘ ਦੇ ਘਰ ਪਹੁੰਚ ਕੇ ਕੌਂਸਲਰਾਂ ਦੀ ਨਬਜ਼ ਟਟੋਲਣਗੇ | ਜਾਣਕਾਰੀ ਅਨੁਸਾਰ ਇਸ ਸੰਬੰਧੀ ਵਿਧਾਇਕ ਕੁਲਵੰਤ ਸਿੰਘ ਵਲੋਂ 'ਆਪ' ਦੇ ਕੌਂਸਲਰਾਂ ਨੂੰ ਸੁਨੇਹਾ ਲਗਾਇਆ ਗਿਆ ਹੈ | ਰਾਜਸੀ ਮਾਹਿਰਾਂ ਦਾ ਮੰਨਣਾ ਹੈ ਕਿ ਉਕਤ ਮੀਟਿੰਗ ਵਿਧਾਇਕ ਕੁਲਵੰਤ ਸਿੰਘ ਦੇ ਘਰ ਰੱਖਣ ਤੋਂ ਸਪੱਸ਼ਟ ਹੁੰਦਾ ਹੈ ਕਿ ਮੇਅਰ ਦੀ ਕੁਰਸੀ ਨੂੰ ਲੈ ਕੇ ਪਾਰਟੀ ਅੰਦਰ ਚੱਲ ਰਿਹਾ ਕਾਟੋ-ਕਲੇਸ਼ ਖ਼ਤਮ ਹੋ ਗਿਆ ਹੈ ਤੇ ਵਿਧਾਇਕ ਕੁਲਵੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਸਮਾਣਾ ਨੂੰ ਪਾਰਟੀ ਵਲੋਂ ਮੇਅਰ ਬਣਾਇਆ ਜਾਣਾ ਲਗਭਗ ਤੈਅ ਹੈ | ਇਸ ਤੋਂ ਪਹਿਲਾਂ ਹਾਈਕਮਾਂਡ ਵੀ ਡਾ. ਸੰਨੀ ਸਿੰਘ ਆਹਲੂਵਾਲੀਆ ਨੂੰ ਮੇਅਰ ਬਣਾਉਣ ਦੇ ਹੱਕ ਵਿਚ ਸੀ ਜਦਕਿ ਸ਼ਹਿਰ ਦੇ ਆਜ਼ਾਦ ਤੇ ਰਾਜਸੀ ਪਾਰਟੀਆਂ ਦੇ ਕੁਝ ਕੌਂਸਲਰਾਂ ਦੇ ਸਰਬਜੀਤ ਸਿੰਘ ਸਮਾਣਾ ਦੇ ਹੱਕ ਵਿਚ ਭੁਗਤਣ ਦੀਆਂ ਕਿਆਸ-ਰਾਈਆਂ ਸਨ | ਮੇਅਰ ਦੀ ਕੁਰਸੀ ਦੇ ਕਾਟੋ-ਕਲੇਸ਼ ਦੇ ਚਲਦਿਆਂ ਹੀ ਵਿਧਾਇਕ ਕੁਲਵੰਤ ਸਿੰਘ ਆਪਣੇ ਹਮਾਇਤੀ 2 ਦਰਜਨ ਦੇ ਕਰੀਬ ਕੌਂਸਲਰਾਂ ਨੂੰ ਨਾਲ ਲੈ ਪਿਛਲੇ ਕੁਝ ਦਿਨਾਂ ਤੋਂ ਪਹਾੜਾਂ 'ਚ ਅਨੰਦ ਮਾਣ ਰਹੇ ਹਨ | ਹਾਲਾਂਕਿ ਇਸ ਤੋਂ ਪਹਿਲਾਂ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੌਜੂਦਾ ਕੈਬਨਿਟ ਮੰਤਰੀ ਨੂੰ ਮੁਹਾਲੀ ਨਗਰ ਨਿਗਮ ਚੋਣ ਲਈ ਅਬਜ਼ਰਵਰ ਲਗਾਇਆ ਗਿਆ ਸੀ ਪਰ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਦੇਖ ਪਾਰਟੀ ਦੇ ਸੂਬਾ ਇੰਚਾਰਜ ਮਨੀਸ਼ ਸਿਸੇਦੀਆ ਨੂੰ ਕਮਾਨ ਆਪਣੇ ਹੱਥ 'ਚ ਲੈਣੀ ਪਈ | ਹੁਣ ਵੇਖਣਾ ਇਹ ਹੋਵੇਗਾ ਕਿ ਅੱਜ ਹੋਣ ਵਾਲੀ ਚੋਣ ਦੌਰਾਨ ਮੇਅਰ ਦੀ ਕੁਰਸੀ ਕਿਸ ਦੇ ਹਿੱਸੇ ਆਵੇਗੀ | ਉਧਰ ਕਾਂਗਰਸ ਪਾਰਟੀ ਦੇ ਕੌਂਸਲਰਾਂ ਨੇ ਵੀ ਮੀਟਿੰਗ ਕਰਕੇ ਚੋਣ ਸੰਬੰਧੀ ਰਣਨੀਤੀ ਤਿਆਰ ਕਰ ਲਈ ਹੈ ਤੇ ਕਾਂਗਰਸੀ ਕੌਂਸਲਰ ਨਰਪਿੰਦਰ ਸਿੰਘ ਰੰਗੀ ਨੇ ਦੱਸਿਆ ਕਿ ਕਾਂਗਰਸ ਪਾਰਟੀ ਵਲੋਂ ਵੀ ਨਗਰ ਨਿਗਮ ਵਿਚ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਆਪਣੇ ਉਮੀਦਵਾਰ ਮੈਦਾਨ 'ਚ ਉਤਾਰੇ ਜਾਣਗੇ | ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ਕੋਲ 27 ਕੌਂਸਲਰ ਅਤੇ ਇਕ ਵਿਧਾਇਕ ਦੀ ਵੋਟ ਮਿਲ ਕੇ ਕੁੱਲ 28 ਵੋਟਾਂ ਬਣਦੀਆਂ ਹਨ, ਜਦਕਿ ਕਾਂਗਰਸ ਕੋਲ 12 ਕੌਂਸਲਰ, ਅਕਾਲੀ ਦਲ ਕੋਲ 4 ਕੌਂਸਲਰ, ਆਜ਼ਾਦ 4 ਕੌਂਸਲਰ