ਚੰਡੀਗੜ੍ਹ, 14 ਜੂਨ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੇ ਥਾਣਾ ਸੈਕਟਰ-19 ਅਧੀਨ ਪੈਂਦੇ ਇਲਾਕੇ ਵਿਚ ਇਕੋ ਕੋਠੀ ਦੀ ਹੇਠਲੀ ਤੇ ਉੱਪਰਲੀ ਮੰਜ਼ਿਲ 'ਤੇ ਰਹਿਣ ਵਾਲੇ ਪਰਿਵਾਰਾਂ ਵਿਚਕਾਰ ਹੋਏ ਵਿਵਾਦ ਸਬੰਧੀ ਕੁੱਟਮਾਰ ਤੇ ਲੁੱਟਖੋਹ ਦੇ ਦੋਸ਼ਾਂ ਤਹਿਤ ਐਫ.ਆਈ.ਆਰ ਦਰਜ ਕੀਤੀ ਗਈ ਹੈ | ਸੈਕਟਰ-21 ਦੇ ਰਹਿਣ ਵਾਲੇ ਦੀਪਕ ਨਾਇਰ ਦੀ ਸ਼ਿਕਾਇਤ 'ਤੇ ਅਨੁਪਮ ਮਹਿੰਦੀਰੱਤਾ, ਉਸ ਦੀ ਪਤਨੀ ਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ | ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਮੁਲਜ਼ਮਾਂ ਨੇ ਉਸ ਦੇ ਘਰ ਵਿਚ ਦਾਖ਼ਲ ਹੋ ਕੇ ਬੇਸਬਾਲ ਬੈਟ ਨਾਲ ਹਮਲਾ ਕੀਤਾ ਅਤੇ ਇਸ ਦੌਰਾਨ ਉਸ ਦਾ ਸੋਨੇ ਦਾ ਕੜਾ, ਦੋ ਸੋਨੇ ਦੀਆਂ ਅੰਗੂਠੀਆਂ ਤੇ ਉਸ ਦੀ ਪਤਨੀ ਦੀ ਸੋਨੇ ਦੀ ਚੇਨ ਖੋਹ ਲਈ | ਦੂਜੇ ਪਾਸੇ, ਨਾਮਜ਼ਦ ਕੀਤੇ ਗਏ ਵਿਅਕਤੀ ਨੇ ਆਪਣੇ ਉੱਪਰ ਲਗੇ ਦੋਸ਼ਾਂ ਨੂੰ ਨਕਾਰਦਿਆਂ ਮਾਮਲੇ ਦੀ ਜਾਂਚ ਕਿਸੇ ਹੋਰ ਥਾਣੇ ਜਾਂ ਸੁਤੰਤਰ ਏਜੰਸੀ ਤੋਂ ਕਰਵਾਉਣ ਦੀ ਮੰਗ ਕੀਤੀ ਹੈ | ਉਸ ਦਾ ਕਹਿਣਾ ਹੈ ਕਿ ਸ਼ਿਕਾਇਤ ਕਰਤਾ ਨੇ ਉਨ੍ਹਾਂ ਨੂੰ ਝੂਠੇ ਬਿਆਨ ਦੇ ਕੇ ਫਸਾਇਆ ਹੈ | ਪੁਲਿਸ ਸੂਤਰਾਂ ਅਨੁਸਾਰ ਦੋਵੇਂ ਧਿਰਾਂ ਵਿਚਕਾਰ ਪਹਿਲਾਂ ਤੋਂ ਤਣਾਅ ਚੱਲ ਰਿਹਾ ਹੈ ਜਿਸ ਕਾਰਨ ਇਨ੍ਹਾਂ ਵਿਚਕਾਰ ਅਕਸਰ ਤਕਰਾਰ ਹੁੰਦੀ ਰਹਿੰਦੀ ਸੀ | ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸਾਰੇ ਤੱਥਾਂ ਦੀ ਪੜਤਾਲ ਕੀਤੀ ਜਾ ਰਹੀ ਹੈ |