ਚੰਡੀਗੜ੍ਹ, 14 ਜੂਨ (ਸੰਦੀਪ ਕੁਮਾਰ ਮਾਹਨਾ)-ਡਾ. ਬੀ.ਆਰ. ਅੰਬੇਡਕਰ ਦੇ ਜੀਵਨ ਨਾਲ ਜੁੜੇ ਪੰਜ ਪ੍ਰਮੁੱਖ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਅੱਜ 150 ਦੇ ਕਰੀਬ ਸ਼ਰਧਾਲੂਆਂ ਦਾ ਜਥਾ ਤਿੰਨ ਵੋਲਵੋ ਬੱਸਾਂ ਰਾਹੀਂ ਰਵਾਨਾ ਹੋਇਆ | ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਬੱਸਾਂ ਨੂੰ ਹਰੀ ਝੰਡੀ ਦਿਖਾਉਂਦਿਆਂ ਕਿਹਾ ਕਿ ਇਹ ਉਪਰਾਲਾ ਨਵੀਂ ਪੀੜ੍ਹੀ ਨੂੰ ਬਾਬਾ ਸਾਹਿਬ ਦੇ ਵਿਚਾਰਾਂ ਅਤੇ ਯੋਗਦਾਨ ਨਾਲ ਜਾਣੂ ਕਰਵਾਉਣ ਲਈ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ 14 ਤੋਂ 21 ਜੂਨ ਤੱਕ ਚੱਲਣ ਵਾਲੀ ਪੰਚ ਤੀਰਥ ਯਾਤਰਾ ਦੌਰਾਨ ਸ਼ਰਧਾਲੂ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ ਅਤੇ ਕਾਰਜਾਂ ਨਾਲ ਸਬੰਧਿਤ ਪੰਜ ਅਹਿਮ ਸਥਾਨਾਂ ਦੇ ਦਰਸ਼ਨ ਕਰਨਗੇ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਲੋਂ ਇਨ੍ਹਾਂ ਤੀਰਥ ਸਥਾਨਾਂ ਦੇ ਵਿਕਾਸ ਅਤੇ ਸੰਭਾਲ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਬਾਬਾ ਸਾਹਿਬ ਦੇ ਆਦਰਸ਼ਾਂ ਅਤੇ ਸਮਾਜਿਕ ਨਿਆਂ ਦੇ ਸੰਦੇਸ਼ ਤੋਂ ਪ੍ਰੇਰਣਾ ਲੈ ਸਕਣ | ਯਾਤਰਾ ਦੌਰਾਨ ਸ਼ਰਧਾਲੂ ਮੱਧ ਪ੍ਰਦੇਸ਼ ਦੇ ਮਹੂ ਸਥਿਤ ਡਾ. ਅੰਬੇਡਕਰ ਦੇ ਜਨਮ ਸਥਾਨ, ਨਾਗਪੁਰ ਦੀ ਦੀਕਸ਼ਾਭੂਮੀ, ਮੁੰਬਈ ਦੀ ਚੈਤਿਆਭੂਮੀ, ਦਿੱਲੀ ਸਥਿਤ ਮਹਾਪਰਿਨਿਰਵਾਣ ਸਥਲ ਅਤੇ ਲੰਡਨ ਵਿਚਲੇ ਉਨ੍ਹਾਂ ਦੇ ਨਿਵਾਸ ਨਾਲ ਸਬੰਧਿਤ ਵਰਚੁਅਲ ਮਾਧਿਅਮ ਰਾਹੀਂ ਸਿੱਖਿਆ ਭੂਮੀ ਦੇ ਦਰਸ਼ਨ ਕਰਨਗੇ | ਇਹ ਸਾਰੇ ਸਥਾਨ ਡਾ. ਅੰਬੇਡਕਰ ਦੇ ਜੀਵਨ, ਸੰਘਰਸ਼ ਅਤੇ ਸਮਾਜਿਕ ਬਦਲਾਅ ਲਈ ਉਨ੍ਹਾਂ ਵਲੋਂ ਕੀਤੇ ਗਏ ਯੋਗਦਾਨ ਦੀਆਂ ਯਾਦਾਂ ਨੂੰ ਸਾਂਭੀ ਬੈਠੇ ਹਨ | ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਇਨ੍ਹਾਂ ਸਮਾਰਕਾਂ ਦੇ ਵਿਕਾਸ ਅਤੇ ਸੁਰੱਖਿਆ ਲਈ ਵੱਡੇ ਪੱਧਰ 'ਤੇ ਨਿਵੇਸ਼ ਕੀਤਾ ਗਿਆ ਹੈ | ਡਾ. ਅੰਬੇਡਕਰ ਦੇ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਅਤੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਲਈ ਅਜਿਹੀਆਂ ਯਾਤਰਾਵਾਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ | ਇਸ ਮੌਕੇ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਆਈ.ਏ.ਐੱਸ ਅਧਿਕਾਰੀ ਐੱਸ.ਆਰ. ਲੱਧੜ ਨੇ ਕਿਹਾ ਕਿ ਪੰਚ ਤੀਰਥ ਯਾਤਰਾ ਦਾ ਮੁੱਖ ਉਦੇਸ਼ ਬਾਬਾ ਸਾਹਿਬ ਦੇ ਸੰਦੇਸ਼ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣਾ ਅਤੇ ਉਨ੍ਹਾਂ ਪ੍ਰਤੀ ਦੇਸ਼ ਦੀ ਕਿ੍ਤੱਗਤਾ ਦਾ ਪ੍ਰਗਟਾਵਾ ਕਰਨਾ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪਹਿਲੀ ਵਾਰ ਡਾ. ਅੰਬੇਡਕਰ ਨਾਲ ਸਬੰਧਿਤ ਪੰਜਾਂ ਤੀਰਥ ਸਥਾਨਾਂ ਨੂੰ ਰਾਸ਼ਟਰੀ ਪੱਧਰ 'ਤੇ ਵਿਸ਼ੇਸ਼ ਮਾਨਤਾ ਅਤੇ ਸਨਮਾਨ ਪ੍ਰਾਪਤ ਹੋਇਆ ਹੈ | ਯਾਤਰਾ ਦੌਰਾਨ ਸ਼ਰਧਾਲੂਆਂ ਲਈ ਰਹਿਣ, ਭੋਜਨ ਅਤੇ ਆਵਾਜਾਈ ਦੀਆਂ ਵਿਸ਼ੇਸ਼ ਵਿਵਸਥਾਵਾਂ ਕੀਤੀਆਂ ਗਈਆਂ ਹਨ | ਐੱਸ. ਆਰ. ਲੱਧੜ ਦੀ ਅਗਵਾਈ ਹੇਠ ਇਹ ਜਥਾ 21 ਜੂਨ ਨੂੰ ਆਪਣੀ ਯਾਤਰਾ ਸੰਪੰਨ ਕਰਕੇ ਵਾਪਸ ਪਰਤੇਗਾ |