ਐੱਸ. ਏ. ਐੱਸ. ਨਗਰ, 19 ਜੂਨ (ਪ੍ਰੋ. ਅਵਤਾਰ ਸਿੰਘ)-ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਅੱਜ ਹਲਕਾ ਵਿਧਾਇਕ ਕੁਲਵੰਤ ਸਿੰਘ ਦੀ ਮੌਜੂਦਗੀ ‘ਚ ਸਥਾਨਕ ਸੈਕਟਰ-66 ਵਿਖੇ 70 ਕਰੋੜ ਰੁ. ਦੀ ਲਾਗਤ ਨਾਲ ਬਣਨ ਵਾਲੇ 7 ਮੰਜ਼ਿਲਾ ਵਰਕਿੰਗ ਵੂਮੈਨ ਹੋਸਟਲ ਦੀ ਉਸਾਰੀ ਦੇ ਕੰਮ ਦੀ ਰਸਮੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਪਣੇ ਘਰਾਂ ਤੋਂ ਦੂਰ ਵੱਖ-ਵੱਖ ਸ਼ਹਿਰਾਂ ‘ਚ ਰਹਿਣ ਵਾਲੀਆਂ ਕੰਮਕਾਜੀ ਔਰਤਾਂ ਨੂੰ ਸੁਰੱਖਿਆਤ ਅਤੇ ਸਹੂਲਤਾਂ ਨਾਲ ਲੈਸ ਨਾਮਾਤਰ ਕੀਮਤਾਂ ‘ਤੇ ਠਾਹਰ ਮੁਹੱਈਆ ਕਰਵਾਉਣ ਲਈ ਮੁਹਾਲੀ, ਜਲੰਧਰ ਅਤੇ ਅੰਮ੍ਰਿਤਸਰ ਵਿਖੇ ਪੰਜ ਵਰਕਿੰਗ ਵੂਮੈਨ ਹੋਸਟਲ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁਹਾਲੀ ਵਿਚਲਾ ਹੋਸਟਲ ਪੰਜਾਬ ਦਾ ਸਭ ਤੋਂ ਵੱਡਾ ਸਰਕਾਰੀ ਖੇਤਰ ਦਾ ਵਰਕਿੰਗ ਵੂਮੈਨ ਹੋਸਟਲ ਹੋਵੇਗਾ, ਜਿਥੇ ਕਿ 484 ਮਹਿਲਾਵਾਂ ਨੂੰ ਰਹਿਣ ਲਈ ਅਤਿ-ਆਧੁਨਿਕ ਤੇ ਸੁਰੱਖਿਅਤ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਹੋਸਟਲ ‘ਚ ਸਿੰਗਲ ਰੂਮ, ਡਬਲ ਰੂਮ ਅਤੇ ਡੋਰਮੈਟਰੀ ਰੂਮ ਵੀ ਹੋਣਗੇ। ਇਸ ਤੋਂ ਇਲਾਵਾ ਕੰਮਕਾਜੀ ਔਰਤਾਂ ਦੇ ਨਾਲ ਰਹਿਣ ਵਾਲੇ ਬੱਚਿਆਂ ਵਾਸਤੇ ਕਰੈਚ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਹੋਸਟਲ ‘ਚ ਮਨਪ੍ਰਚਾਵੇ ਲਈ ਇਨਡੋਰ ਖੇਡਾਂ ਦਾ ਪ੍ਰਬੰਧ ਵੀ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਹੋਸਟਲ ਦੀ ਉਸਾਰੀ ‘ਤੇ ਕਰੀਬ 70 ਕਰੋੜ ਰੁ. ਦੀ ਲਾਗਤ ਆਵੇਗੀ ਅਤੇ ਉਸਾਰੀ ਦਾ ਕਾਰਜ ਲੋਕ ਨਿਰਮਾਣ ਵਿਭਾਗ ਵਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੱਸਿਆ ਕਿ ਇਹ ਮੁਹਾਲੀ ਵਿਖੇ ਬਣ ਰਿਹਾ ਤੀਸਰਾ ਵਰਕਿੰਗ ਵੂਮੈਨ ਹੋਸਟਲ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਨਿਫ਼ਟ ਮੁਹਾਲੀ ਫੇਜ਼-1 ਵਿਖੇ 25.26 ਕਰੋੜ ਰੁ. ਦੀ ਲਾਗਤ ਨਾਲ 150 ਔਰਤਾਂ ਦੇ ਰਹਿਣ ਦੀ ਸਮਰੱਥਾ ਵਾਲਾ ਹੋਸਟਲ ਨਿਰਮਾਣ ਅਧੀਨ ਹੈ। ਇਸੇ ਤਰ੍ਹਾਂ ਸੈਕਟਰ-79 ਮੁਹਾਲੀ ਵਿਖੇ 100 ਔਰਤਾਂ ਦੇ ਰਹਿਣ ਦੀ ਸਮਰੱਥਾ ਵਾਲਾ ਵਰਕਿੰਗ ਵੂਮੈਨ ਹੋਸਟਲ ਵੀ ਤੇਜ਼ੀ ਨਾਲ ਤਿਆਰ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਹੋਸਟਲ ‘ਤੇ 12.57 ਕਰੋੜ ਰੁ. ਦੀ ਲਾਗਤ ਆਵੇਗੀ। ਉਨ੍ਹਾਂ ਦੱਸਿਆ ਕਿ ਮੁਹਾਲੀ ਵਿਖੇ ਬਣ ਰਹੇ ਉਕਤ ਤਿੰਨ ਵਰਕਿੰਗ ਵੂਮੈਨ ਹੋਸਟਲਾਂ ਤੋਂ ਇਲਾਵਾ ਵਿਭਾਗ ਵਲੋਂ ਗਾਂਧੀ ਵਿਨੀਤਾ ਆਸ਼ਰਮ ਜਲੰਧਰ ਵਿਖੇ 10.11 ਕਰੋੜ ਰੁ. ਦੀ ਲਾਗਤ ਵਾਲਾ 100 ਔਰਤਾਂ ਦੇ ਰਹਿਣ ਦੀ ਸਮਰੱਥਾ ਵਾਲਾ ਹੋਸਟਲ ਅਤੇ ਅੰਮ੍ਰਿਤਸਰ ਵਿਖੇ 27.34 ਕਰੋੜ ਰੁ. ਦੀ ਲਾਗਤ ਵਾਲਾ 150 ਔਰਤਾਂ ਦੀ ਰਿਹਾਇਸ਼ ਦੀ ਸਮਰੱਥਾ ਵਾਲਾ ਵਰਕਿੰਗ ਵੂਮੈਨ ਹੋਸਟਲ ਨਿਰਮਾਣ ਅਧੀਨ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਠਿੰਡਾ ਵਿਖੇ ਵੀ ਅਜਿਹਾ ਹੀ ਇਕ ਹੋਸਟਲ ਰੈੱਡ ਕਰਾਸ ਦੀ ਇਮਾਰਤ ‘ਚ ਕਿਰਾਏ ‘ਤੇ ਇਮਾਰਤ ਦਾ ਪ੍ਰਬੰਧ ਕਰਕੇ ਚਲਾਇਆ ਜਾ ਰਿਹਾ ਹੈ, ਜਿਥੇ ਕਿ 100 ਔਰਤਾਂ ਦੇ ਰਹਿਣ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਕਿਸੇ ਵੀ ਸ਼ਹਿਰ ‘ਚ ਕੰਮਕਾਜੀ ਔਰਤਾਂ ਦੀ ਵਰਕਿੰਗ ਵੂਮੈਨ ਹੋਸਟਲ ਦੀ ਮੰਗ ‘ਤੇ ਕਿਰਾਏ’ ਤੇ ਇਮਾਰਤ ਦਾ ਪ੍ਰਬੰਧ ਕਰਕੇ ਰਹਿਣ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਸੇ ਦੌਰਾਨ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁਹਾਲੀ ਵਰਗੇ ਤੇਜ਼ੀ ਨਾਲ ਵਿਕਸਿਤ ਹੋ ਰਹੇ ਸ਼ਹਿਰ ‘ਚ ਦੂਰ-ਦੁਰਾਡੇ ਤੋਂ ਆਉਂਦੀਆਂ ਕੰਮਕਾਜੀ ਔਰਤਾਂ ਲਈ ਅਜਿਹੇ ਹੋਸਟਲ ਦੀ ਬਹੁਤ ਲੋੜ ਹੈ। ਇਸ ਮੌਕੇ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਡਾ. ਸੇਨਾ ਅਗਰਵਾਲ, ਵਿਸ਼ੇਸ਼ ਸਕੱਤਰ ਕੇਸ਼ਵ ਹਿੰਗੋਨੀਆ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੋਨਮ ਚੌਧਰੀ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨਿਖੀਲ ਅਰੋੜਾ ਅਤੇ ਲੋਕ ਨਿਰਮਾਣ ਵਿਭਾਗ ਦੀ ਸੂਬਾਈ ਡਵੀਜ਼ਨ ਦੇ ਕਾਰਜਕਾਰੀ ਇੰਜ. ਰਣਜੀਤ ਸਿੰਘ ਸਿੱਧੂ ਵੀ ਹਾਜ਼ਰ ਸਨ।