ਚੰਡੀਗੜ੍ਹ, 13 ਜੁਲਾਈ (ਕਪਿਲ ਵਧਵਾ)– ਚੰਡੀਗੜ੍ਹ ਵਿਚ ਵੀਕਐਂਡ ਦੌਰਾਨ ਕਲੱਬਾਂ ਦੇ ਬਾਹਰ ਵਾਪਰੀਆਂ ਦੋ ਵੱਖ-ਵੱਖ ਘਟਨਾਵਾਂ ਕਾਰਨ ਕੱਲਬਾਂ ਅੰਦਰ ਅਤੇ ਨਜ਼ਦੀਕੀ ਇਲਾਕਿਆਂ ਵਿਚ ਸੁਰੱਖਿਆ ਦਾ ਮੁੱਦਾ ਇਕ ਅਹਿਮ ਵਿਸ਼ਾ ਬਣ ਗਿਆ ਹੈ। ਤਾਜ਼ਾ ਮਾਮਲੇ ਵਿਚ ਐਤਵਾਰ ਸੋਮਵਾਰ ਦੀ ਦਰਮਿਆਨੀ ਰਾਤ ਕਰੀਬ ਸਵਾ 2 ਵਜੇ ਕੋਮੋ ਹਾਊਸ ਵਿਚ ਕੁੱਝ ਨੌਜਵਾਨਾਂ ਵਿਚਕਾਰ ਹੋਈ ਤਕਰਾਰ ਨੇ ਖ਼ੂਨੀ ਰੂਪ ਧਾਰ ਲਿਆ। ਜਾਣਕਾਰੀ ਅਨੁਸਾਰ ਅੰਦਰ ਹੋਈ ਹੱਥੋਪਾਈ ਉਪਰੰਤ ਦੂਜੀ ਧਿਰ ਨੇ ਕਥਿਤ ਤੌਰ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਸ਼ਿਕਾਇਤਕਰਤਾ ਧਰੁਵ ਥ੍ਰੇਹਨ ਨੂੰ ਜਾਨੋਂ ਮਾਰਨ ਦੀ ਧਮਕੀ ਦੀ ਦਿੱਤੀ। ਜਦਕਿ ਸ਼ਨਿੱਚਰਵਾਰ ਨੂੰ ਵਾਪਰੇ ਦੂਜੇ ਮਾਮਲੇ ਵਿਚ ਲਾ ਵਿਲਾ ਕਲੱਬ ਨੇੜੇ ਤੇਜ਼ ਰਫ਼ਤਾਰ ਮਰਸਡੀਜ਼ ਕਾਰ ਦੀ ਟੱਕਰ ਨਾਲ ਤਿੰਨ ਨੌਜਵਾਨ ਜ਼ਖ਼ਮੀ ਹੋ ਗਏ। ਉਕਤ ਮਾਮਲੇ ਵਿਚ ਪੁਲਿਸ ਨੇ ਅਖਿਲ ਅਰਸਾਣਾ ਅਤੇ ਇਕ ਨਾਬਾਲਗ਼ ਨੂੰ ਗ੍ਰਿਫਤਾਰ ਕਰ ਲਿਆ ਹੈ। ਐਤਵਾਰ-ਸੋਮਵਾਰ ਨੂੰ ਵਾਪਰੇ ਮਾਮਲੇ ਵਿਚ ਸੈਕਟਰ-26 ਥਾਣਾ ਪੁਲਿਸ ਨੇ ਫ਼ਿਰੋਜ਼ਪੁਰ ਦੇ ਗੋਪੀ ਨਗਰ, ਦ ਮਾਲ ਰੋਡ ਵਾਸੀ ਧਰੁਵ ਥ੍ਰੇਹਨ ਦੀ ਸ਼ਿਕਾਇਤ ’ਤੇ ਅਨਿਕੇਤ ਗੁਪਤਾ, ਜਗਦੀਪ ਸਿੰਘ ਕੰਗ ਅਤੇ ਹੋਰ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 190, 191(3), 189, 115(1), 351(3), 281 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25, 54 ਅਤੇ 59 ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਫਰਾਂਸ ਤੋਂ ਉੱਚੇਰੀ ਪੜ੍ਹਾਈ ਕਰ ਰਿਹਾ ਹੈ ਅਤੇ ਉਹ ਆਪਣੇ ਦੋਸਤ ਨਾਲ ਸੈਕਟਰ-7 ਸਥਿਤ ਕੋਮੋ ਹਾਊਸ ਵਿਖੇ ਪਾਰਟੀ ਵਿਚ ਮੌਜੂਦ ਸੀ ਜਿੱਥੇ ਕਿਸੇ ਗੱਲ ਕਾਰਨ ਪਹਿਲਾਂ ਕੁੱਝ ਨੌਜਵਾਨਾਂ ਨੇ ਉਸਦੀਆਂ ਉਂਗਲਾਂ ਮਰੋੜੀਆਂ ਅਤੇ ਬਾਅਦ ਵਿਚ ਮੁਲਜ਼ਮਾਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਹਮਲਾਵਰਾਂ ਚੋਂ ਇਕ ਅਨਿਕੇਤ ਗੁਪਤਾ ਨੇ ਉਸ ਨੂੰ ਧਮਕੀ ਦਿੰਦਿਆਂ ਕਿਹਾ ਕਿ ਉਹ ਜੱਜ ਦਾ ਮੁੰਡਾ ਹੈ ਅਤੇ ਉਸਨੂੰ ਗੋਲੀ ਮਾਰ ਦੇਵੇਗਾਂ। ਇਸ ਮਾਮਲੇ ਵਿਚ ਧਿਆਨ ਦੇਣ ਯੋਗ ਹੈ ਕਿ ਪੁਲਿਸ ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਜਗਦੀਪ ਸਿੰਘ ਕੰਗ ਮੁਹਾਲੀ ਸਥਿਤ ਪੁਲਿਸ ਇੰਟੈਲੀਜੇਂਸ ਦਫ਼ਤਰ ਵਿਖੇ ਸਾਲ 2022 ਵਿਚ ਹੋਏ ਆਰ. ਪੀ. ਜੀ. ਅਟੈਕ ਮਾਮਲੇ ਵਿਚ ਨਾਮਜ਼ਦ ਹੈ ਅਤੇ ਫ਼ਿਲਹਾਲ ਜ਼ਮਾਨਤ ਤੇ ਨਿਆਂਇਕ ਹਿਰਾਸਤ ਚੋਂ ਬਾਹਰ ਚੱਲ ਰਿਹਾ ਹੈ। ਇਸੇ ਥਾਣੇ ਵਿਚ ਦਰਜ ਇਕ ਹੋਰ ਮਾਮਲੇ ਵਿਚ ਸੈਕਟਰ-44/ਬੀ ਚੰਡੀਗੜ੍ਹ ਵਾਸੀ ਐਲਿਸ ਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਮਰਸਡੀਜ਼ ਕਾਰ ਚਾਲਕ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 281 ਅਤੇ 125(ਏ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤ ਅਨੁਸਾਰ 11 ਜੁਲਾਈ ਨੂੰ ਸੈਕਟਰ-26 ਸਥਿਤ ਲਾ ਵਿਲਾ ਕਲੱਬ ਨੇੜੇ ਤੇਜ਼ ਰਫ਼ਤਾਰ ਮਰਸਡੀਜ਼ ਕਾਰ ਨੇ ਉਨ੍ਹਾਂ ਅਤੇ ਹੋਰ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਐਲਿਸ ਪ੍ਰੀਤ ਸਿੰਘ ਅਤੇ ਅਮਜਦ ਨੂੰ ਸੱਟਾਂ ਲੱਗੀਆਂ, ਜਦਕਿ ਅਕਸ਼ਿਤ ਵਾਸੀ ਸੈਕਟਰ-10 ਪੰਚਕੂਲਾ ਗੱਡੀ ਹੇਠਾਂ ਆਉਣ ਕਾਰਨ, ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਵਾਹਨ ਨੰਬਰ ਦੇ ਆਧਾਰ ’ਤੇ ਮੁਲਜ਼ਮਾਂ ਦੀ ਭਾਲ ਕਰਦਿਆਂ ਇਕ ਨਾਬਲਾਗ਼ ਸਣੇ ਅਖਿਲ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਜ਼ਮਾਨਤੀ ਧਾਰਾਵਾਂ ਹੋਣ ਕਾਰਨ ਉਨ੍ਹਾਂ ਨੂੰ ਜ਼ਮਾਨਤ ਤੇ ਰਿਹਾਅ ਕਰ ਦਿੱਤਾ।