ਚੰਡੀਗੜ੍ਹ, 19 ਜੁਲਾਈ (ਅਜੀਤ ਬਿਊਰੋ)-ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਜ਼ੂਆਲੋਜੀ ਵਿਭਾਗ ਦੀ ਪ੍ਰੋ. ਸੁਖਬੀਰ ਕੌਰ ਨੂੰ ਅੰਤਰਰਾਸ਼ਟਰੀ ਪ੍ਰਕਾਸ਼ਨ ਸੰਸਥਾ ਸਪ੍ਰਿੰਗਰ ਨੇਚਰ ਵਲੋਂ “ਐਡੀਟਰ ਆਫ਼ ਡਿਸਟਿੰਕਸ਼ਨ (ਐਡੀਟੋਰੀਅਲ ਕੰਟ੍ਰੀਬਿਊਸ਼ਨ) ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਉਨ੍ਹਾਂ ਨੂੰ ਜਰਨਲ ਆਫ਼ ਪੈਰਾਸਾਈਟਿਕ ਡਿਜ਼ੀਜ਼ ਦੀ ਸੰਪਾਦਕ ਵਜੋਂ ਵਿਗਿਆਨਕ ਖੋਜ ਪ੍ਰਕਾਸ਼ਨ ਵਿਚ ਸ਼ਾਨਦਾਰ ਯੋਗਦਾਨ ਲਈ ਦਿੱਤਾ ਗਿਆ ਹੈ। ਸਪ੍ਰਿੰਗਰ ਨੇਚਰ ਨੇ ਇਹ ਐਵਾਰਡ ਖੋਜ-ਪੱਤਰਾਂ ਦੇ ਬਾਰੀਕੀ ਨਾਲ ਮੁਲਾਂਕਣ, ਪੀਅਰ-ਰਿਵਿਊ ਪ੍ਰਕਿਰਿਆ ਦੇ ਸਖ਼ਤ ਅਤੇ ਨਿਰਪੱਖ ਪ੍ਰਬੰਧਨ ਤੇ ਪ੍ਰਕਾਸ਼ਿਤ ਵਿਗਿਆਨਕ ਖੋਜ ਦੀ ਗੁਣਵੱਤਾ ਅਤੇ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਵਿਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਪ੍ਰਦਾਨ ਕੀਤਾ ਹੈ। ਪ੍ਰੋ. ਸੁਖਬੀਰ ਕੌਰ ਨੂੰ ਭੇਜੇ ਗਏ ਸੰਦੇਸ਼ ਵਿਚ ਸਪ੍ਰਿੰਗਰ ਨੇਚਰ ਨੇ ਕਿਹਾ ਕਿ, “ਸਾਨੂੰ ਆਪਣੇ ਉਨ੍ਹਾਂ ਸ਼ਾਨਦਾਰ ਸੰਪਾਦਕਾਂ ਦਾ ਸਨਮਾਨ ਕਰਨ ’ਤੇ ਮਾਣ ਹੈ, ਜਿਨ੍ਹਾਂ ਨੇ ਆਪਣੇ ਜਰਨਲਾਂ ਤੇ ਖੋਜ ਭਾਈਚਾਰੇ ਲਈ ਅਸਾਧਾਰਣ ਸਮਰਪਣ ਦਿਖਾਇਆ ਹੈ। ਲੇਖਕਾਂ ਤੇ ਸਮੀਖਿਆਕਾਰਾਂ ਦਾ ਮਜ਼ਬੂਤ ਨੈੱਟਵਰਕ ਤਿਆਰ ਕਰਨ, ਖੋਜ-ਪੱਤਰਾਂ ਦੀ ਗੁਣਵੱਤਾ ਵਿਚ ਸੁਧਾਰ ਕਰਨ ਅਤੇ ਵਿਗਿਆਨਕ ਖੋਜ ਨੂੰ ਅੱਗੇ ਵਧਾਉਣ ਵਿਚ ਸੰਪਾਦਕੀ ਟੀਮਾਂ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਐਡੀਟਰ ਆਫ਼ ਡਿਸਟਿੰਕਸ਼ਨ ਐਵਾਰਡ ਰਾਹੀਂ ਇਸ ਵਿਸ਼ੇਸ਼ ਯੋਗਦਾਨ ਨੂੰ ਸਨਮਾਨਿਤ ਕੀਤਾ ਜਾਂਦਾ ਹੈ।’ ਇਹ ਐਵਾਰਡ ਵਿਗਿਆਨਕ ਪ੍ਰਕਾਸ਼ਨ ਦੇ ਖੇਤਰ ਵਿਚ ਸੰਪਾਦਕੀ ਉਤਕ੍ਰਿਸ਼ਟਤਾ ਲਈ ਦਿੱਤੇ ਜਾਣ ਵਾਲੇ ਵਿਰਲੇ ਅਤੇ ਅੰਤਰਰਾਸ਼ਟਰੀ ਸਨਮਾਨਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਪ੍ਰੋ. ਸੁਖਬੀਰ ਕੌਰ ਇਕ ਪ੍ਰਸਿੱਧ ਵਿਗਿਆਨੀ, ਖੋਜਕਾਰ ਅਤੇ ਅਧਿਆਪਕ ਹਨ, ਜਿਨ੍ਹਾਂ ਕੋਲ ਅਧਿਆਪਨ, ਖੋਜ ਤੇ ਪ੍ਰਸ਼ਾਸਨ ਦਾ ਲਗਪਗ ਤਿੰਨ ਦਹਾਕਿਆਂ ਦਾ ਤਜ਼ਰਬਾ ਹੈ। ਉਹ ਪੰਜਾਬ ਯੂਨੀਵਰਸਿਟੀ ਵਿਚ ਜ਼ੂਆਲੋਜੀ ਵਿਭਾਗ ਦੀ ਮੁਖੀ, ਹੋਸਟਲ ਵਾਰਡਨ, ਡੀਨ ਸਟੂਡੈਂਟਸ ਵੈਲਫੇਅਰ, ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਦੀ ਮੈਂਬਰ ਰਹਿ ਚੁੱਕੀ ਹਨ। ਸਪ੍ਰਿੰਗਰ ਨੇਚਰ ਵਲੋਂ ਮਿਲਿਆ ਇਹ ਸਨਮਾਨ ਪ੍ਰੋ. ਸੁਖਬੀਰ ਕੌਰ ਦੀ ਵਿਗਿਆਨਕ ਖੋਜ, ਸੰਪਾਦਕੀ ਉਤਕ੍ਰਿਸ਼ਟਤਾ ਤੇ ਅਕਾਦਮਿਕ ਲੀਡਰਸ਼ਿਪ ਪ੍ਰਤੀ ਉਨ੍ਹਾਂ ਦੀ ਨਿਰੰਤਰ ਵਚਨਬੱਧਤਾ ਦਾ ਪ੍ਰਮਾਣ ਹੈ। ਇਹ ਉਪਲਬਧੀ ਪੰਜਾਬ ਯੂਨੀਵਰਸਿਟੀ ਦੀ ਵਿਸ਼ਵ ਪੱਧਰੀ ਸਾਖ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ‘ਵਿਕਸਿਤ ਭਾਰਤ’ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਭਾਰਤੀ ਵਿਗਿਆਨਕ ਭਾਈਚਾਰੇ ਦੇ ਯੋਗਦਾਨ ਨੂੰ ਵੀ ਦਰਸਾਉਂਦੀ ਹੈ।