ਚੰਡੀਗੜ੍ਹ, 21 ਜੁਲਾਈ (ਕਪਿਲ ਵਧਵਾ)–ਮੌਲੀ ਜਾਗਰਾਂ ਇਲਾਕੇ ਵਿਚ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ 18 ਤੋਲੇ ਸੋਨੇ ਦੇ ਗਹਿਣੇ, ਚਾਂਦੀ ਦੇ ਗਹਿਣੇ ਅਤੇ 60 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਥਾਣਾ ਮੌਲੀ ਜਾਗਰਾਂ ਵਿਚ ਵਿਨੋਦ ਕੁਮਾਰ ਸ਼ਰਮਾ ਵਾਸੀ ਨੇੜੇ ਸ਼ਿਵ ਮੰਦਰ, ਮੌਲੀ ਜਾਗਰਾਂ ਕੰਪਲੈਕਸ ਦੀ ਸ਼ਿਕਾਇਤ ‘ਤੇ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 305(ਏ) ਅਤੇ 331(4) ਤਹਿਤ ਅਣਪਛਾਤੇ ਵਿਅਕਤੀ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਸ਼ਿਕਾਇਤਕਰਤਾ, ਜੋ ਇਕ ਨਿੱਜੀ ਕੰਪਨੀ ਵਿਚ ਨੌਕਰੀ ਕਰਦਾ ਹੈ, ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਘਰ ਵਿਚ ਰਹਿੰਦਾ ਹੈ। 19 ਅਤੇ 20 ਜੁਲਾਈ ਦੀ ਦਰਮਿਆਨੀ ਰਾਤ ਦੌਰਾਨ ਅਣਪਛਾਤੇ ਚੋਰ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋ ਗਏ ਅਤੇ ਕਰੀਬ 18 ਤੋਲੇ ਸੋਨੇ ਦੇ ਗਹਿਣੇ, ਜਿਨ੍ਹਾਂ ਵਿਚ ਦੋ ਔਰਤਾਂ ਦੀਆਂ ਸੋਨੇ ਦੀਆਂ ਚੇਨਾਂ, ਦੋ ਮਰਦਾਂ ਦੀਆਂ ਸੋਨੇ ਦੀਆਂ ਚੇਨਾਂ, ਦੋ ਸੋਨੇ ਦੇ ਲਾਕੇਟ, ਚਾਂਦੀ ਦੇ ਗਹਿਣੇ ਅਤੇ 60 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ। ਥਾਣਾ ਮੌਲੀ ਜਾਗਰਾਂ ਦੇ ਐੱਸ. ਐੱਚ. ਓ. ਨੇ ਦੱਸਿਆ ਕਿ ਪੁਲਿਸ ਵਲੋਂ ਮਨੁੱਖੀ ਸਰੋਤਾਂ ਅਤੇ ਹੋਰ ਤਕਨੀਕੀ ਸਾਧਨਾਂ ਦੀ ਮਦਦ ਨਾਲ ਚੋਰੀ ਹੋਏ ਸਮਾਨ ਦੀ ਪੁਸ਼ਟੀ ਅਤੇ ਚੋਰਾਂ ਦੀ ਸ਼ਨਾਖਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਹਾਲਾਂਕਿ, ਘਟਨਾ ਵਾਲੇ ਇਲਾਕੇ ਵਿਚ ਸੀ. ਸੀ. ਟੀ. ਵੀ. ਕੈਮਰਿਆਂ ਦੀ ਕਵਰੇਜ ਨਾ ਹੋਣ ਕਾਰਨ ਜਾਂਚ ਵਿਚ ਦਿੱਕਤਾਂ ਆ ਰਹੀਆਂ ਹਨ। ਇਸ ਦੇ ਬਾਵਜੂਦ ਪੁਲਿਸ ਵੱਖ-ਵੱਖ ਪੱਖਾਂ ਤੋਂ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ।