ਜ਼ੀਰਕਪੁਰ ਅਤੇ ਖਰੜ ’ਚ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ
ਅਜੀਤ ਡੈਸਕ
31-07-2026
ਮੁਲਾਜ਼ਮ ਯੂਨੀਅਨ ਨੇ ਕਾਲੀਆਂ ਤੇ ਲਾਲ ਝੰਡੀਆਂ ਹੱਥਾਂ ’ਚ ਫੜ੍ਹ ਕੇ ਬਾਜ਼ਾਰਾਂ ‘ਚ ਕੱਢੀ ਮੋਟਰਸਾਈਕਲ ਰੈਲੀ
ਖਰੜ, 30 ਜੁਲਾਈ (ਜੰਡਪੁਰੀ)- ਬਰਨਾਲਾ ਵਿਖੇ ਸਫ਼ਾਈ ਸੇਵਕਾਂ ‘ਤੇ ਹੋਏ ਲਾਠੀਚਾਰਜ ਅਤੇ ਕੌਂਸਲ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਖਰੜ ਵਿਖੇ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਜਿਥੇ ਕੌਂਸਲ ਇੰਪਲਾਈਜ਼ ਯੂਨੀਅਨ ਵਲੋਂ ਖਰੜ ਸ਼ਹਿਰ ਦੇ ਬਾਜ਼ਾਰਾਂ ‘ਚ ਕਾਲੀਆਂ ਤੇ ਲਾਲ ਝੰਡੀਆਂ ਲੈ ਕੇ ਮੋਟਰਸਾਈਕਲ ਰੈਲੀ ਕੱਢੀ ਗਈ, ਉਥੇ ਹੀ ਕਈ ਦੁਕਾਨਦਾਰਾਂ ਵਲੋਂ ਖੋਲ੍ਹੀਆਂ ਦੁਕਾਨਾਂ ਨੂੰ ਵੀ ਬੰਦ ਕਰਵਾਇਆ ਗਿਆ ਹੈ ਤੇ ਇਸ ਦੌਰਾਨ ਕਈ ਥਾਈਂ ਯੂਨੀਅਨ ਆਗੂਆਂ ਤੇ ਦੁਕਾਨਦਾਰਾਂ ਵਿਚਕਾਰ ਤਲਖੀ ਵੀ ਹੋਈ। ਇਸ ਸੰਬੰਧੀ ਕੌਂਸਲ ਇੰਪਲਾਈਜ਼ ਯੂਨੀਅਨ ਦੇ ਚੇਅਰਮੈਨ ਪ੍ਰਦੀਪ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਯੂਨੀਅਨ ਦੀ ਸੀਨੀਅਰ ਲੀਡਰਸ਼ਿਪ ਵਲੋਂ ਅੱਜ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਚਲਦਿਆਂ ਵਪਾਰਕ ਜਥੇਬੰਦੀਆਂ, ਦੁਕਾਨਦਾਰਾਂ ਤੇ ਹੋਰਨਾਂ ਸੰਸਥਾਵਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਸੀ ਅਤੇ ਇਸ ਦੌਰਾਨ ਉਨ੍ਹਾਂ ਨੂੰ ਭਰਪੂਰ ਸਹਿਯੋਗ ਮਿਲਿਆ। ਉਨ੍ਹਾਂ ਕਿਹਾ ਕਿ ਜੇਕਰ ਯੂਨੀਅਨ ਦੀ ਸੀਨੀਅਰ ਲੀਡਰਸ਼ਿਪ ਵਲੋਂ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੇ ਸੰਘਰਸ਼ ਦਾ ਹੋਰ ਸੱਦਾ ਦਿੱਤਾ ਜਾਵੇਗਾ ਤਾਂ ਉਹ ਉਸ ‘ਤੇ ਵੀ ਖਰਾ ਉਤਰਨਗੇ। ਇਸੇ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸਰਕਾਰ ਵਲੋਂ 20,500 ਰੁ. ਤਨਖ਼ਾਹ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ ਦਾ ਫਾਰਮੂਲਾ ਸਮਝਾ ਨਹੀਂ ਆ ਰਿਹਾ ਕਿ ਉਹ ਕਿਸ ਤਰ੍ਹਾਂ ਤਨਖਾਹ ਦੇ ਰਹੀ ਹੈ, ਜਦਕਿ ਇਸ ਨਾਲ ਤਾਂ ਸਿਰਫ ਮੁਲਾਜ਼ਮਾਂ ਨੂੰ 15 ਹਜ਼ਾਰ ਰੁ. ਹੀ ਪ੍ਰਤੀ ਮਹੀਨਾ ਮਿਲਣੇ ਹਨ, ਜਦਕਿ ਬਾਕੀ ਕਟੌਤੀ ਹੋ ਜਾਣੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਮੁਲਾਜ਼ਮਾਂ ਨੂੰ 25 ਹਜ਼ਾਰ ਰੁ. ਪ੍ਰਤੀ ਮਹੀਨਾ ਬਗੈਰ ਕਿਸੇ ਹੋਰ ਕਟੌਤੀ ਤੋਂ ਤਨਖ਼ਾਹ ਦਿੱਤੀ ਜਾਵੇ। ਇਸੇ ਦੌਰਾਨ ਗੱਲਬਾਤ ਕਰਨ ‘ਤੇ ਅਕਾਲੀ ਆਗੂ ਅਮਨਦੀਪ ਸਿੰਘ ਅੰਮੂ ਨੇ ਕਿਹਾ ਕਿ ਕੌਂਸਲ ਮੁਲਾਜ਼ਮਾਂ ਦੀਆਂ ਮੰਗਾਂ ਪਿਛਲੇ ਲੰਮੇ ਸਮੇਂ ਤੋਂ ਚਲੀਆਂ ਆ ਰਹੀਆਂ ਹਨ, ਪਰ ਇਸ ਗੂੰਗੀ ਤੇ ਬੋਲੀ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਦੁਸਹਿਰਾ ਗਰਾਊਂਡ ਨੇੜੇ ਸਥਿਤੀ ਸਰਕਾਰੀ ਪ੍ਰਾਇਮਰੀ ਸਕੂਲ ਨੇੜੇ ਗੰਦਗੀ ਦਾ ਵੱਡਾ ਢੇਰ ਲੱਗ ਚੁੱਕਾ ਹੈ, ਜਿਸ ਨਾਲ ਉਥੇ ਪੜ੍ਹਦੇ ਬੱਚਿਆਂ ਦੀ ਸਿਹਤ ਤੇ ਉਨ੍ਹਾਂ ਲਈ ਬਣਨ ਵਾਲੇ ਮਿੱਡ-ਡੇ-ਮੀਲ ‘ਤੇ ਮਾੜਾ ਅਸਰ ਪੈ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਵਾਸੀ ਵੀ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜ਼ਬੂਰ ਹੋ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਗੰਦਗੀ ਦੇ ਢੇਰਾਂ ਨੂੰ ਇਥੋਂ ਕਿਸੇ ਹੋਰ ਪਾਸੇ ਲਗਵਾਇਆ ਜਾਵੇ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ। ਇਸੇ ਦੌਰਾਨ ਕਾਂਗਰਸੀ ਆਗੂ ਪਰਮਿੰਦਰ ਸੇਠੀ ਨੇ ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ ‘ਤੇ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਕਿਹਾ ਕਿ ਸੂਬੇ ਦੀ ਮੌਜੂਦਾ ਸਰਕਾਰ ਸਫ਼ਾਈ ਸੇਵਕਾਂ ਦੀਆਂ ਹੱਕੀ ਮੰਗਾਂ ਜਲਦ ਪ੍ਰਵਾਨ ਕਰੇ ਤਾਂ ਕਿ ਸ਼ਹਿਰ ਦੇ ਲੋਕਾਂ ਨੂੰ ਗੰਦਗੀ ਤੋਂ ਨਿਜਾਤ ਮਿਲ ਸਕੇ। ਪੰਜਾਬ ਬੰਦ ਦੇ ਸੱਦੇ ਕਾਰਨ ਦੁਕਾਨਦਾਰਾਂ ਵਲੋਂ ਸ਼ਾਮ ਦੇ 5 ਵਜੇ ਤੱਕ ਹੀ ਦੁਕਾਨਾਂ ਬੰਦ ਰੱਖੀਆਂ ਗਈਆਂ ਅਤੇ ਉਸ ਤੋਂ ਬਾਅਦ ਦੁਕਾਨਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ, ਜਦਕਿ ਆਮ ਲੋਕ ਆਪਣੇ ਕੰਮਾਂਕਾਰਾਂ ਨੂੰ ਲੈ ਕੇ ਇਧਰ-ਉਧਰ ਜਾਂਦੇ ਦਿਖਾਈ ਦਿੱਤੇ।